ਕੀ ਬਦਲਿਆ... ਜ਼ਾਹਿਰ ਹੈ, ਕੁਝ ਵੀ ਨਹੀਂ

Sunday, Jun 30, 2024 - 06:06 PM (IST)

ਕੀ ਬਦਲਿਆ... ਜ਼ਾਹਿਰ ਹੈ, ਕੁਝ ਵੀ ਨਹੀਂ

ਮਾਣਯੋਗ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ 9 ਜੂਨ, 2024 ਨੂੰ ਸਹੁੰ ਚੁੱਕੀ। ਇਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਮੋਦੀ ਨੂੰ ਤੇਦੇਪਾ ਅਤੇ ਜਦ (ਯੂ) ਦੇ ਨੇਤਾਵਾਂ ਨਾਲ ਮੁੱਖ ਮੇਜ਼ ਸਾਂਝਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਹੋਰਨਾਂ ਸਹਿਯੋਗੀਆਂ ਨੂੰ ਵਿਭਾਗ ਵੰਡਣੇ ਪਏ। ਸਪੀਕਰ ਦੀ ਚੋਣ ’ਚ ਉਨ੍ਹਾਂ ਨੂੰ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ’ਚੋਂ ਲੰਘਣਾ ਪਿਆ। ਸਰਕਾਰ ਦੇ ਮੁਖੀ ਵਜੋਂ ਆਪਣੇ 22 ਸਾਲਾਂ ’ਚ ਮੋਦੀ ਲਈ ਇਹ ਦੋਵੇਂ ਹੀ ਬੜੇ ਖਾਸ ਅਨੁਭਵ ਸਨ।

ਕਈ ਝਟਕੇ : ਸਰਕਾਰ ਬਣਨ ਦੇ ਬਾਅਦ ਤੋਂ 20 ਦਿਨਾਂ ’ਚ ਕਈ ਝਟਕੇ ਲੱਗੇ ਹਨ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ. ਏ.) ਢਹਿ-ਢੇਰੀ ਹੋ ਗਈ ਅਤੇ ਇਸ ਦੀ ਅੱਗ ਨੇ ਲੱਖਾਂ ਵਿਦਿਆਰਥੀਆਂ ਦੀਆਂ ਰੀਝਾਂ ਨੂੰ ਸਾੜ ਕੇ ਰੱਖ ਦਿੱਤਾ। ਜਲਪਾਈਗੁੜੀ ’ਚ ਇਕ ਭਿਆਨਕ ਰੇਲ ਹਾਦਸਾ ਹੋਇਆ। ਜੰਮੂ-ਕਸ਼ਮੀਰ ’ਚ ਅੱਤਵਾਦ ਹਮਲੇ ਜਾਰੀ ਰਹੇ। ਟਮਾਟਰ, ਆਲੂ ਅਤੇ ਪਿਆਜ਼ ਦੀਆਂ ਕੀਮਤਾਂ ’ਚ ਸਾਲ ਦਰ ਸਾਲ ਕ੍ਰਮਵਾਰ 39, 41 ਅਤੇ 43 ਫੀਸਦੀ ਦਾ ਵਾਧਾ ਹੋਇਆ। ਸੈਂਸੈਕਸ ਅਤੇ ਨਿਫਟੀ ਇਤਿਹਾਸਕ ਸਿਖਰ ’ਤੇ ਪਹੁੰਚ ਗਏ ਜਦਕਿ ਡਾਲਰ-ਰੁਪਿਆ ਵਟਾਂਦਰਾ ਦਰ ਇਤਿਹਾਸਕ ਹੇਠਲੇ ਪੱਧਰ ’ਤੇ ਪਹੁੰਚ ਗਈ।

ਰਾਜਮਾਰਗਾਂ ’ਤੇ ਟੋਲ ਟੈਕਸ ’ਚ 15 ਫੀਸਦੀ ਦਾ ਵਾਧਾ ਕੀਤਾ ਗਿਆ। ਇਕ ਸਪੱਸ਼ਟ ਨਿੰਦਾ ’ਚ ਆਰ. ਐੱਸ. ਐੱਸ. ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਉਨ੍ਹਾਂ ਲੋਕਾਂ ਨੂੰ ਝਾੜ ਪਾਈ ਜਿਨ੍ਹਾਂ ਨੇ ‘ਹੰਕਾਰ’ ਦਿਖਾਇਆ।

ਭਾਜਪਾ ਦੀ ਲੀਡਰਸ਼ਿਪ ਨੇ ਘਬਰਾਹਟ ’ਚ ਆ ਕੇ ਇਹ ਫੈਸਲਾ ਲਿਆ ਕਿ ਸਿਆਣਪ ਹੀ ਬਹਾਦਰੀ ਦਾ ਵਧੀਆ ਹਿੱਸਾ ਹੈ। ਭਾਜਪਾ ਦੀਆਂ ਕਈ ਸੂਬਾ ਇਕਾਈਆਂ ’ਚ ਸਥਾਨਕ ਬਗਾਵਤ ਭੜਕ ਉੱਠੀ। ਸੰਸਦ ਦੇ ਪਹਿਲੇ ਸੈਸ਼ਨ ’ਚ ਸਪੀਕਰ ਦੀ ਚੋਣ ਅਤੇ ਰਾਸ਼ਟਰਪਤੀ ਦੇ ਭਾਸ਼ਣ ਨੂੰ ਛੱਡ ਕੇ, ਕੋਈ ਮਹੱਤਵਪੂਰਨ ਕੰਮ ਨਹੀਂ ਹੋਇਆ ਪਰ ਨਿਯਮਿਤ ਕੰਮ ’ਚ ਵੀ ਵਿਵਾਦਾਂ ਦਾ ਆਪਣਾ ਹਿੱਸਾ ਸੀ।

ਰਵਾਇਤ ਅਨੁਸਾਰ, ਸੰਸਦ ਦਾ ਉਹ ਮੈਂਬਰ ਜੋ ਸਭ ਤੋਂ ਵੱਧ ਵਾਰ ਲੋਕ ਸਭਾ ਲਈ ਚੁਣਿਆ ਗਿਆ ਹੈ, ਉਸ ਨੂੰ ਚੁਣੇ ਮੈਂਬਰਾਂ ਵੱਲੋਂ ਸਹੁੰ ਚੁੱਕਣ ਦੀ ਪ੍ਰਧਾਨਗੀ ਕਰਨ ਲਈ ਪ੍ਰੋਟੈਮ ਸਪੀਕਰ ਨਾਮਜ਼ਦ ਕੀਤਾ ਜਾਂਦਾ ਹੈ।

ਉਹ ਵਿਅਕਤੀ ਨਿਰਵਿਵਾਦ ਤੌਰ ’ਤੇ, ਕੇ. ਸੁਰੇਸ਼ (ਕਾਂਗਰਸ-ਕੇਰਲ) ਸਨ, ਜੋ ਇਕ ਬ੍ਰੇਕ ਦੇ ਨਾਲ 8ਵੀਂ ਵਾਰ ਚੁਣੇ ਗਏ ਹਨ। ਹਾਲਾਂਕਿ, ਸਰਕਾਰ ਨੇ ਬੀ. ਮਹਿਤਾਬ (ਭਾਜਪਾ-ਓਡਿਸ਼ਾ) ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ। ਹਾਲਾਂਕਿ, ਉਹ ਸਿਰਫ 7 ਵਾਰ ਹੀ ਚੁਣੇ ਹੋਏ ਹਨ (6 ਵਾਰ ਬੀਜਦ ਟਿਕਟ ’ਤੇ ਅਤੇ ਉਨ੍ਹਾਂ ਦੇ ਪਾਰਟੀ ਛੱਡਣ ਦੇ ਬਾਅਦ 7ਵੀਂ ਵਾਰ ਭਾਜਪਾ ਟਿਕਟ ’ਤੇ)।

ਭਾਜਪਾ ਨੇ ਇਸ ਵਿਵਾਦ ਨੂੰ ਕਿਉਂ ਜਨਮ ਦਿੱਤਾ? ਸੰਭਾਵਿਤ ਜਵਾਬ ਹੈ ਭਾਜਪਾ ਇਹ ਸੰਕੇਤ ਦੇਣਾ ਚਾਹੁੰਦੀ ਸੀ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਉਸ ਦੇ ਸਰਵਉੱਚ ਆਗੂ ਦੇ ਕੰਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਨਹੀਂ ਕੀਤਾ ਭਾਵ, ‘ਇਹ ਮੇਰਾ ਤਰੀਕਾ ਹੈ ਜਾਂ ਰਾਜਮਾਰਗ।’

ਇਕ ਹੋਰ ਜਵਾਬ ਇਹ ਹੋ ਸਕਦਾ ਹੈ ਕਿ ਵਿਵਾਦਾਂ ’ਚ ਘਿਰੇ ਸੰਸਦੀ ਮਾਮਲਿਆਂ ਦੇ ਨਵੇਂ ਮੰਤਰੀ ਕੇ. ਰਿਜਿਜੂ ਆਪਣੇ ਆਗਮਨ ਦਾ ਸੰਕੇਤ ਦੇਣਾ ਚਾਹੁੰਦੇ ਸਨ। ਸਭ ਤੋਂ ਸ਼ਲਾਘਾਯੋਗ ਜਵਾਬ ਇਹ ਹੈ ਕਿ ਨਾਮਜ਼ਦ ਮਹਿਤਾਬ ਦੇ ਬੀਜਦ ਤੋਂ ਭਾਜਪਾ ’ਚ ਸ਼ਾਮਲ ਹੋਣ ਅਤੇ ਵੱਧ ਸੰਸਦ ਮੈਂਬਰਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਲਈ ਇਕ ਇਨਾਮ ਸੀ।

ਬਾਸੀ ਭਰੋਸਾ : ਹਾਲਾਂਕਿ ਸਪੀਕਰ ਦੀ ਚੋਣ ਇਕ ਕੁੜੱਤਣ ਭਰੇ ਨੋਟ ’ਤੇ ਸੰਪੰਨ ਹੋਈ ਪਰ ਬਾਕੀ ਸੈਸ਼ਨ ’ਤੇ ਇਸ ਦਾ ਕੋਈ ਅਸਰ ਨਹੀਂ ਪਿਆ ਪਰ ਮਾਣਯੋਗ ਸਪੀਕਰ ਨੇ ਉਦੋਂ ਹੋਰ ਕੁੜੱਤਣ ਵਧਾ ਦਿੱਤੀ ਜਦੋਂ ਉਨ੍ਹਾਂ ਨੇ 49 ਸਾਲ ਪਹਿਲਾਂ (ਹਾਂ, 49 ਸਾਲ, 50 ਨਹੀਂ) ਐਮਰਜੈਂਸੀ ਲਗਾਉਣ ਲਈ ਕਾਂਗਰਸ ਦੀ ਨਿੰਦਾ ਕਰਦੇ ਹੋਏ ਸਪੀਕਰ ਨੂੰ ਇਕ ਮਤਾ ਪੇਸ਼ ਕੀਤਾ।

ਇਸ ਦੇ ਬਾਅਦ, ਸੰਸਦ 1947 ’ਚ ਕਸ਼ਮੀਰ ’ਤੇ ਹਮਲੇ ਲਈ ਪਾਕਿਸਤਾਨ, 1962 ’ਚ ਜੰਗ ਲਈ ਚੀਨ ਅਤੇ 1971 ’ਚ ਭਾਰਤ ਨੂੰ ਡਰਾਉਣ ਲਈ ਜਹਾਜ਼ ਢੋਣ ਵਾਲੇ ਬੇੜੇ ਭੇਜਣ ਲਈ ਸੰਯੁਕਤ ਰਾਜ ਅਮਰੀਕਾ ਦੀ ਨਿੰਦਾ ਕਰ ਕੇ ਇਤਿਹਾਸ ਦੇ ਹੋਰ ਪਾਠ ‘ਸਿਖਾ’ ਸਕਦੀ ਹੈ। ਮਤਾ ਇਕ ਬੇਲੋੜਾ ਭੜਕਾਹਟ ਵਾਲਾ ਸੀ।

ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ’ਚ ਰਾਸ਼ਟਰਪਤੀ ਦਾ ਭਾਸ਼ਣ ਗਲਤ ਸ਼ੁਰੂਆਤ ਦੇ ਬਾਅਦ ਸ਼ਿਸ਼ਟਾਚਾਰ ਬਹਾਲ ਕਰਨ ਦਾ ਇਕ ਮੌਕਾ ਸੀ ਪਰ ਇਹ ਮੌਕਾ ਖੁੰਝ ਗਿਆ। ਭਾਸ਼ਣ ’ਚ ਲੋਕ ਸਭਾ ਦੇ ਬਦਲੇ ਹੋਏ ਢਾਂਚੇ ਨੂੰ ਪਛਾਣਿਆ ਜਾ ਸਕਦਾ ਸੀ, ਇਹ ਤੱਥ ਕਿ ਮੋਹਰੀ ਪਾਰਟੀ (ਭਾਜਪਾ) ਬਹੁਮਤ ਤੋਂ 32 ਸੀਟਾਂ ਪਿੱਛੇ ਸੀ।

ਲੋਕ ਸਭਾ ’ਚ ਵਿਰੋਧੀ ਧਿਰ ਦਾ ਇਕ ਆਗੂ ਹੋਵੇਗਾ। ਨਿਰਾਸ਼ਾਜਨਕ ਤੌਰ ’ਤੇ ਰਾਸ਼ਟਰਪਤੀ ਦੇ ਭਾਸ਼ਣ ’ਚ ਬਦਲੇ ਹਾਲਾਤ ਦਾ ਕੋਈ ਸੰਦਰਭ ਨਹੀਂ ਸੀ। ਇਹ ਭਾਸ਼ਣ ਭਾਜਪਾ ਵੱਲੋਂ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਦੌਰਾਨ ਕੀਤੇ ਗਏ ਦਾਅਵਿਆਂ ਦੀ ਇਕ ਸੂਚੀ ਸੀ। ਇਨ੍ਹਾਂ ਦਾਅਵਿਆਂ ਨੂੰ ਵਧੇਰੇ ਲੋਕਾਂ ਨੇ ਖਾਰਿਜ ਕਰ ਦਿੱਤਾ। ਨਵੀਂ ਸਰਕਾਰ ਭਾਜਪਾ ਦੀ ਸਰਕਾਰ ਨਹੀਂ ਸਗੋਂ ਗੱਠਜੋੜ ਦੀ ਸਰਕਾਰ ਹੈ।

ਭਾਜਪਾ ਨੇ ਇਸ ਕੌੜੇ-ਮਿੱਠੇ ਤੱਥ ਨੂੰ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਰਾਸ਼ਟਰਪਤੀ ਨੇ ਵੀ ਉਸ ਦੇ ਨਜ਼ਰੀਏ ਨੂੰ ਦੋਹਰਾਇਆ। ‘ਗੱਠਜੋੜ’ ਸ਼ਬਦ ਭਾਸ਼ਣ ’ਚ ਨਹੀਂ ਆਇਆ। ਹੋਰ ਸ਼ਬਦ ਜੋ ਆਪਣੀ ਗੈਰ-ਹਾਜ਼ਰੀ ਦੇ ਕਾਰਨ ਸਪੱਸ਼ਟ ਤੌਰ ’ਤੇ ਦਿਖਾਈ ਦਿੱਤੇ, ਉਨ੍ਹਾਂ ’ਚ ‘ਆਮ ਸਹਿਮਤੀ’, ‘ਮੁਦਰਾਸਫੀਤੀ’ ਅਤੇ ‘ਸੰਸਦੀ ਕਮੇਟੀ’ ਸ਼ਾਮਲ ਸਨ।

ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪੱਛੜੇ ਵਰਗਾਂ ਦਾ ਸੰਦਰਭ ਸੀ ਪਰ ਹੋਰ ਸਾਰੇ-ਖਾਸ ਤੌਰ ’ਤੇ ਘੱਟਗਿਣਤੀ ਭਾਈਚਾਰਿਆਂ-ਨੂੰ ‘ਸਮਾਜਿਕ ਅਤੇ ਧਾਰਮਿਕ ਸਮੂਹਾਂ’ ਦੇ ਘੇਰੇ ’ਚ ਰੱਖਿਆ ਗਿਆ ਸੀ। ਮਣੀਪੁਰ ਦੀ ਤ੍ਰਾਸਦੀ ਦਾ ਕੋਈ ਸੰਦਰਭ ਨਹੀਂ ਸੀ। ਇਕ ਛੋਟੇ ਜਿਹੇ ਤਰਸ ਦੇ ਰੂਪ ’ਚ ‘ਅਗਨੀਵੀਰ’ ਜਾਂ ‘ਇਕਸਾਰ ਨਾਗਰਿਕ ਜ਼ਾਬਤਾ’ ਦਾ ਕੋਈ ਸੰਦਰਭ ਨਹੀਂ ਸੀ। ਅਖੀਰ ’ਚ ਭਾਰਤ ਹੁਣ ਵਿਸ਼ਵ ਗੁਰੂ ਨਹੀਂ ਰਿਹਾ ਅਤੇ ਵਿਸ਼ਵ ਬੰਧੂ ਬਣ ਕੇ ਸੰਤੁਸ਼ਟ ਹੈ।

ਹੋਰ ਵੀ ਬਰਾਬਰੀ : ਜ਼ਾਹਿਰ ਹੈ, ਭਾਜਪਾ ਦੇ ਵਿਚਾਰ ’ਚ, ਕੁਝ ਵੀ ਨਹੀਂ ਬਦਲਿਆ, ਇੱਥੋਂ ਤੱਕ ਕਿ ਲੋਕਾਂ ਦਾ ਮੂਡ ਵੀ ਨਹੀਂ। ਇਸ ਲਈ, ਇਹ ਉਹੀ ਕੈਬਨਿਟ ਹੈ, ਉਹੀ ਮੰਤਰੀ ਹਨ, ਉਹੀ ਮੰਤਰਾਲਾ ਸੰਭਾਲ ਰਹੇ ਪ੍ਰਮੁੱਖ ਮੰਤਰੀ ਹਨ, ਉਹੀ ਸਪੀਕਰ ਹਨ, ਪ੍ਰਧਾਨ ਮੰਤਰੀ ਦੇ ਉਹੀ ਪ੍ਰਧਾਨ ਸਕੱਤਰ ਹਨ, ਉਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ, ਉਹੀ ਖੁਫੀਆ ਬਿਊਰੋ ਦੇ ਮੁਖੀ ਹਨ ਅਤੇ ਉਹੀ ਸਰਕਾਰ ਹੈ।

ਪੀ. ਚਿਦਾਂਬਰਮ


author

Rakesh

Content Editor

Related News