ਸੋਨੇ ਦੀਆਂ ਹਲਕੀਆਂ ਅੰਗੂਠੀਆਂ ਦੇਣ 'ਤੇ ਲਾੜੇ ਨੇ ਜ਼ਮੀਨ 'ਤੇ ਪੱਗ ਲਾਹ ਕੇ ਸੁੱਟਿਆ ਸਿਹਰਾ, ਜਾਣੋ ਅੱਗੇ ਕੀ ਹੋਇਆ

Friday, Dec 10, 2021 - 04:22 PM (IST)

ਲਾਂਬੜਾ (ਮਾਹੀ,ਵਰਿੰਦਰ)- ਪੱਗ ਜਿੱਥੇ ਪੰਜਾਬੀਆਂ ਦੀ ਸ਼ਾਨ ਦਾ ਪ੍ਰਤੀਕ ਹੈ, ਉਥੇ ਹੀ ਕਈ ਦਾਜ ਦੇ ਲੋਭੀ ਅਜਿਹੇ ਵੀ ਹਨ, ਜੋ ਦਾਜ ਦੇ ਲਾਲਚ ’ਚ ਆਪਣੀ ਪੱਗ ਤੱਕ ਲਾ ਕੇ ਜ਼ਮੀਨ ’ਤੇ ਸੁੱਟ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਦਾਜ ਦੇ ਲੋਭੀ ਦਾ ਕਾਲਾ ਸੰਘਿਆਂ ਦੇ ਇਕ ਪੈਲੇਸ ’ਚ ਚੱਲ ਰਹੇ ਵਿਆਹ ਸਮਾਗਮ ’ਚ ਬੁੱਧਵਾਰ ਨੂੰ ਸਾਹਮਣੇ ਆਇਆ, ਜਿੱਥੇ ਸਥਿਤੀ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਲਾੜੇ ਨੇ ਲੜਕੀ ਧਿਰ ’ਤੇ ਹਲਕੀਆਂ ਸੋਨੇ ਦੀਆਂ ਮੁੰਦਰੀਆਂ ਅਤੇ ਉਸ ਦੀ ਭਰਜਾਈ ਨੂੰ ਮੁੰਦਰੀ ਨਾ ਦੇਣ ਦੇ ਦੋਸ਼ ਲਾਉਂਦਿਆਂ ਆਪਣੀ ਪੱਗ ਲਾਹ ਕੇ ਜ਼ਮੀਨ ’ਤੇ ਸੁੱਟ ਦਿੱਤੀ। ਇਸ ਦੌਰਾਨ ਮਾਹੌਲ ਇੰਨਾ ਵਿਗੜ ਗਿਆ ਕਿ ਲਾੜਾ ਹਵਾਲਾਤ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ:  ਹੈਲੀਕਾਪਟਰ ਕ੍ਰੈਸ਼ ਹਾਦਸੇ ਦੇ ਸ਼ਹੀਦਾਂ 'ਚ ਨਵਾਂਸ਼ਹਿਰ ਦੇ ਲਖਵਿੰਦਰ ਸਿੰਘ ਵੀ ਸ਼ਾਮਲ, ਪਿੰਡ ਵਾਸੀਆਂ ਨੇ ਕੀਤੀ ਇਹ ਮੰਗ

ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰਦਿਆਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਨੂਰਪੁਰ ਦੋਨਾ ਕਪੂਰਥਲਾ ਦਾ ਵਿਆਹ ਪਿੰਡ ਕੋਹਾਲਾ ਦੀ ਰਹਿਣ ਵਾਲੀ ਲੜਕੀ ਮਨਦੀਪ ਕੌਰ ਨਾਲ ਹੋਣਾ ਸੀ, ਜਿਸ ਤਹਿਤ ਬੁੱਧਵਾਰ ਉਕਤ ਲੜਕਾ ਬਰਾਤ ਲੈ ਕੇ ਕਾਲਾ ਸੰਘਿਆਂ ਸਥਿਤ ਇਕ ਪੈਲੇਸ ਵਿਖੇ ਪਹੁੰਚਿਆ। ਬਰਾਤ ਦੇ ਪਹੁੰਚਣ ਤੋਂ ਬਾਅਦ ਜਦੋਂ ਦੋਵੇਂ ਪਰਿਵਾਰਾਂ ਦੀ ਮਿਲਣੀ ਹੋ ਰਹੀ ਤਾਂ ਲਾੜਾ ਗੁੱਸੇ ’ਚ ਆ ਗਿਆ ਅਤੇ ਦੋਸ਼ ਲਾਇਆ ਕਿ ਲੜਕੀ ਪਰਿਵਾਰ ਵੱਲੋਂ ਪਹਿਨਾਈ ਗਈ ਸੋਨੇ ਦੀ ਮੁੰਦਰੀ ਬਹੁਤ ਹਲਕੀ ਹੈ ਅਤੇ ਮਿਲਣੀ ਦੌਰਾਨ ਉਸ ਦੀ ਭਰਜਾਈ ਨੂੰ ਮੁੰਦਰੀ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਗੁੱਸੇ ’ਚ ਆਏ ਲਾੜੇ ਨੇ ਆਪਣੀ ਪੱਗ ਅਤੇ ਸ਼ਗਨ ਦੀ ਅੰਗੂਠੀ ਲਾਹ ਕੇ ਜ਼ਮੀਨ ’ਤੇ ਸੁੱਟ ਦਿੱਤੀ। ਇਸ ਘਟਨਾ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲੇ ਡਰ ਗਏ ਅਤੇ ਉਨ੍ਹਾਂ ਨੇ ਲੜਕੇ ਪਰਿਵਾਰ ਵਾਲਿਆਂ ਦੀ ਮਿੰਨਤਾਂ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਸ਼ਾਂਤ ਹੋਣ ਤੋਂ ਬਾਅਦ ਸ਼ਾਮ ਕਰੀਬ 6 ਵਜੇ ਪਿੰਡ ਕੋਹਾਲਾ ਸਥਿਤ ਧਾਰਮਿਕ ਸਥਾਨ ’ਤੇ ਵਿਆਹ ਦੀ ਰਸਮ ਹੋਈ।

PunjabKesari

ਇਸ ਦੌਰਾਨ ਸਥਿਤੀ ਉਸ ਸਮੇਂ ਫਿਰ ਤਣਾਅਪੂਰਨ ਬਣ ਗਈ ਜਦੋਂ ਲੜਕੀ ਅਤੇ ਪਿੰਡ ਦੇ ਪਤਵੰਤਿਆਂ ਨੇ ਡੋਲੀ ਭੇਜਣ ਤੋਂ ਇਨਕਾਰ ਕਰ ਦਿੱਤਾ। ਮੌਕੇ ’ਤੇ 400-500 ਨੌਜਵਾਨ ਇਕੱਠੇ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਲਾਂਬੜਾ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਮਾਹੌਲ ਵਿਗੜਦਾ ਵੇਖ ਕੇ ਪੁਲਸ ਅਤੇ ਹੋਰਨਾਂ ਥਾਣਿਆਂ ਦੀ ਪੁਲਸ ਅਤੇ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੂੰ ਵੀ ਮੌਕੇ ’ਤੇ ਬੁਲਾ ਲਿਆ।

ਇਹ ਵੀ ਪੜ੍ਹੋ: ਜਲੰਧਰ 'ਚ ਬਰਥ ਡੇਅ ਪਾਰਟੀ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਤੇਜ਼ਧਾਰ ਹਥਿਆਰ ਤੇ ਸਾੜੇ ਮੋਟਰਸਾਈਕਲ

ਲੜਕੀ ਮਨਦੀਪ ਕੌਰ ਪੁੱਤਰੀ ਜਸਬੀਰ ਸਿੰਘ ਵਾਸੀ ਕੋਹਾਲਾ ਥਾਣਾ ਲਾਂਬੜਾ ਦੇ ਬਿਆਨਾਂ ’ਤੇ 4 ਮੁਲਜ਼ਮਾਂ ਸੰਦੀਪ ਕੌਰ ਪਤਨੀ ਮੇਜਰ ਸਿੰਘ (ਵਿਚੋਲਣ), ਲਾੜਾ ਗੁਰਦਿਆਲ ਸਿੰਘ ਪੁੱਤਰ ਮਹਿੰਦਰ ਸਿੰਘ, ਪਿਤਾ ਮਹਿੰਦਰ ਸਿੰਘ ਪੁੱਤਰ ਨਿਰਮਲ ਸਿੰਘ, ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਭਰਾ ਨਿਵਾਸੀ ਪਿੰਡ ਨੂਰਪੁਰ ਦੋਨਾ ਥਾਣਾ ਸਦਰ ਕਪੂਰਥਲਾ ਖ਼ਿਲਾਫ਼ ਥਾਣਾ ਲਾਂਬੜਾ ’ਚ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News