ਆਰਥਿਕ ਮੰਦੀ ਦੇ ਚੱਲਦਿਆਂ ਆਪਣੀਆਂ 7 ਦੁਕਾਨਾਂ ਦੇ ਕਿਰਾਏਦਾਰਾਂ ਨੂੰ ਦਿੱਤੀ ਵੱਡੀ ਰਾਹਤ
Thursday, Apr 23, 2020 - 02:10 PM (IST)
ਫਤਹਿਗੜ੍ਹ ਸਾਹਿਬ (ਬਿਪਨ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਿੱਥੇ ਲੋਕ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ ਉੱਥੇ ਹੀ ਲਾਕ ਡਾਉਨ ਕਾਰਨ ਸਮਾਜ ਅੰਦਰ ਆਰਥਿਕ ਸੰਕਟ ਆਉਣਾ ਵੀ ਸੁਭਾਵਿਕ ਹੈ। ਇਨ੍ਹਾਂ ਨਾਜ਼ੁਕ ਹਾਲਾਤਾਂ ਨੂੰ ਵੇਖਦੇ ਹੋਏ ਪਿੰਡ ਪੰਜੋਲੀ ਕਲਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਸਤਨਾਮ ਸਿੰਘ ਬਾਠ, ਮੈਨੇਜਰ, ਗੁਰਦੁਆਰਾ ਸ੍ਰੀ ਖ਼ਾਲਸਾ ਦਰਬਾਰ ਵੱਲੋਂ ਜਥੇਦਾਰ ਕਰਨੈਲ ਸਿੰਘ ਪੰਜੋਲੀ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਨਾ ਸਦਕਾ ਆਪਣੀਆਂ ਨਿੱਜੀ 7 ਦੁਕਾਨਾਂ ਦਾ ਅਪ੍ਰੈਲ ਮਹੀਨੇ ਦਾ ਕਿਰਾਇਆ, ਕਿਰਾਏਦਾਰਾਂ ਤੋਂ ਨਾ ਲੈਣ ਦਾ ਫੈਸਲਾ ਕੀਤਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਜਲਦੀ ਇਸ ਬਿਮਾਰੀ ਦਾ ਖਾਤਮਾ ਹੋ ਜਾਵੇ ਪਰ ਅਗਰ ਇਹ ਬੀਮਾਰੀ ਲੰਮੀ ਚੱਲਦੀ ਹੈ ਤਾਂ ਅੱਗੇ ਵੀ ਕਿਰਾਏਦਾਰਾਂ ਦੀਆਂ ਮਜਬੂਰੀਆਂ ਨੂੰ ਵੇਖਦੇ ਹੋਏ ਅਜਿਹਾ ਫੈਸਲਾ ਲਿਆ ਜਾ ਸਕਦਾ ਹੈ।
ਨਗਰ ਦੇ ਇਸ ਨੌਜਵਾਨ ਦੇ ਫ਼ੈਸਲੇ ਦੀ ਪ੍ਰਸੰਸਾ ਕਰਦਿਆਂ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਜਿਸ ਦਿਨ ਤੋਂ ਸਤਨਾਮ ਸਿੰਘ ਬਾਠ ਨੇ ਗੁਰਦੁਆਰਾ ਸ੍ਰੀ ਖ਼ਾਲਸਾ ਦਰਬਾਰ ਪੰਜੋਲੀ ਕਲਾਂ ਦੇ ਮੈਨੇਜਰ ਦੀ ਬਤੌਰ ਸੇਵਾ ਸੰਭਾਲੀ ਹੈ ਉਸੇ ਦਿਨ ਤੋਂ ਗੁਰਦੁਆਰਾ ਸਾਹਿਬ ਵਿਖੇ ਬੜੇ ਉਸਾਰੂ ਕਾਰਜ ਕੀਤੇ ਜਾ ਰਹੇ ਹਨ। ਉੱਥੇ ਹੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਗਰ ਦੇ ਨੌਜਵਾਨਾਂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਪੰਜੋਲੀ ਕਲਾਂ ਦੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਮੈਨੇਜਰ ਸਾਹਿਬ ਦੀ ਅਗਵਾਈ ਵਿਚ ਗੁਰੂ ਘਰ ਵਿਖੇ ਸੇਵਾ ਕਰਵਾਈ। ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਿਕ , ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਤੇ ਪਾਰਟੀਆ ਦੇ ਮੋਹਤਬਰ ਆਗੂਆਂ ਨੂੰ ਇਸ ਤਰਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਬਾਰੇ ਪੰਚ ਮਨਪ੍ਰੀਤ ਸਿੰਘ ਸੋਨੀ, ਪੰਚ ਗੁਰਮੀਤ ਸਿੰਘ, ਪੰਚ ਸਨਦੀਪ ਸਿੰਘ, ਨੰਬਰ ਜਤਿੰਦਰ ਸਿੰਘ ਲਾਡੀ ਤੇ ਕਲੱਬ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਨੇ ਸਾਂਝੇ ਰੂਪ ਵਿਚ ਸਤਨਾਮ ਸਿੰਘ ਬਾਠ ਦੇ ਇਸ ਫ਼ੈਸਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਬੜੀ ਦਰਿਆ ਦਿਲੀ ਦਾ ਪ੍ਰਮਾਣ ਹੈ ਜਿਸ ਤੋਂ ਸੱਤਾ ਹੰਢਾ ਰਹੇ ਲੋਕ ਸੇਧ ਲੈਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਸੁਖਦੇਵ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮੀਤ ਮੈਨੇਜਰ ਗੁਰਪ੍ਰੀਤ ਸਿੰਘ ਗਿੱਲ, ਵਰਿੰਦਰ ਸਿੰਘ ਧਾਲੀਵਾਲ, ਐਸ. ਬਹਾਦਰ, ਹਰਿੰਦਰ ਸਿੰਘ ਗੋਲਡੀ, ਸ਼ਮਸ਼ੇਰ ਸਿੰਘ ਬਾਠ, ਜੇ.ਈ ਅਮਰਿੰਦਰ ਸਿੰਘ ਅਮੀ ਆਦਿ ਹਾਜ਼ਰ ਸਨ।