ਮਹਾਂਕੁੰਭ 'ਚ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਰੇਲ ਮੰਤਰਾਲੇ ਨੇ ਜਾਰੀ ਕਰ ਦਿੱਤੇ ਹੁਕਮ

Friday, Jan 17, 2025 - 07:38 AM (IST)

ਮਹਾਂਕੁੰਭ 'ਚ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ, ਰੇਲ ਮੰਤਰਾਲੇ ਨੇ ਜਾਰੀ ਕਰ ਦਿੱਤੇ ਹੁਕਮ

ਚੰਡੀਗੜ੍ਹ (ਲਲਨ) : ਮਹਾਕੁੰਭ ’ਚ ਜਾਣ ਅਤੇ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਰੇਲਵੇ ਮੰਤਰਾਲੇ ਨੇ ਰੇਲਾਂ ਲਈ ਪਹਿਲਾਂ ਹੀ ਰੂਟ ਕਲੀਅਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਚੰਡੀਗੜ੍ਹ ਤੋਂ ਪ੍ਰਯਾਗਰਾਜ ਜਾਣ ਵਾਲੀ ਊਂਚਾਹਾਰ ਰੇਲਗੱਡੀ 13 ਜਨਵਰੀ ਤੋਂ 14-15 ਘੰਟੇ ਦੇਰੀ ਨਾਲ ਚੱਲ ਰਹੀ ਸੀ, ਜੋ ਹੁਣ ਸਹੀ ਸਮੇਂ ’ਤੇ ਆਉਣ-ਜਾਣ ਲੱਗੀ ਹੈ। ਸੂਤਰਾਂ ਦੀ ਮੰਨੀਏ ਤਾਂ ਮੰਤਰਾਲੇ ਵੱਲੋਂ ਸਾਫ਼ ਤੌਰ ’ਤੇ ਸਾਰੀਆਂ ਡਵੀਜ਼ਨਾਂ ਦੇ ਡੀ. ਆਰ. ਐੱਮ. ਨੂੰ ਹੁਕਮ ਜਾਰੀ ਕਰ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਭਾਵੇਂ ਰਾਜਧਾਨੀ, ਸ਼ਤਾਬਦੀ ਜਾਂ ਵੰਦੇ ਭਾਰਤ ਨੂੰ ਰੋਕਣਾ ਪਵੇ, ਪਰ ਮਹਾਕੁੰਭ ਨੂੰ ਜਾਣ-ਆਉਣ ਵਾਲੀਆਂ ਗੱਡੀਆਂ ਨੂੰ ਕਿਸੇ ਵੀ ਹਾਲਤ ’ਚ ਲੇਟ ਨਾ ਕੀਤਾ ਜਾਵੇ। ਇਨ੍ਹਾਂ ਰੇਲਗੱਡੀਆਂ ਨੂੰ ਕਲੀਅਰ ਸਿਗਨਲ ਮਿਲਣਾ ਚਾਹੀਦਾ ਹੈ। ਇਸ ਪਿੱਛੇ ਦਲੀਲ ਦਿੱਤੀ ਕਿ ਮਹਾਕੁੰਭ ’ਚ ਯਾਤਰੀਆਂ ਦੀ ਸਹੂਲਤ ਲਈ ਇਹ ਬੇਹੱਦ ਜ਼ਰੂਰੀ ਹੈ। ਦਰਅਸਲ, ਦੇਸ਼ ਭਰ ਤੋਂ ਲੋਕ ਵੱਖ-ਵੱਖ ਰੇਲਾਂ ਰਾਹੀਂ ਮਹਾਕੁੰਭ ’ਚ ਪਹੁੰਚ ਰਹੇ ਹਨ। ਲੋਕਾਂ ਦੀਆਂ ਕਮਰਿਆਂ ਤੇ ਟੈਕਸੀਆਂ ਤੋਂ ਲੈ ਕੇ ਵਾਪਸੀ ਦੀਆਂ ਟਿਕਟਾਂ ਪਹਿਲਾਂ ਤੋਂ ਹੀ ਬੁੱਕ ਕੀਤੀਆਂ ਹੁੰਦੀਆਂ ਹਨ। ਅਜਿਹੇ ’ਚ ਰੇਲਵੇ ਵੱਲੋਂ ਪਹਿਲ ਕੀਤੀ ਗਈ ਹੈ ਤਾਂ ਜੋ ਦੇਰੀ ਨਾਲ ਰੇਲ ਪਹੁੰਚਣ ਕਾਰਨ ਪ੍ਰੋਗਰਾਮ ਵਿਗੜ ਨਾ ਜਾਵੇ ਤੇ ਯਾਤਰੀ ਸਮੇਂ ’ਤੇ ਵਾਪਸੀ ਦੀ ਗੱਡੀ ਫੜ੍ਹ ਸਕਣ।

ਇਹ ਵੀ ਪੜ੍ਹੋ : ਪੰਜਾਬ 'ਚ ਇਹ ਵਿਦਿਆਰਥੀ ਨਹੀਂ ਦੇ ਸਕਣਗੇ ਬੋਰਡ ਦੀਆਂ ਪ੍ਰੀਖਿਆਵਾਂ! ਜਾਰੀ ਹੋਈ ਵੱਡੀ ਚਿਤਾਵਨੀ
ਇਸ ਲਈ ਵੀ ਲਿਆ ਫ਼ੈਸਲਾ-ਦੇਰੀ ਕਾਰਨ ਸਟੇਸ਼ਨਾਂ ’ਤੇ ਵਧੀ ਭੀੜ
ਰੇਲਗੱਡੀਆਂ ਦੇ ਦੇਰੀ ਨਾਲ ਚੱਲਣ ਕਾਰਨ ਪ੍ਰਯਾਗਰਾਜ ਤੇ ਫਾਫਾਮਊ ਰੇਲਵੇ ਸਟੇਸ਼ਨਾਂ ’ਤੇ ਭੀੜ ਇਕੱਠੀ ਹੋ ਰਹੀ ਹੈ। ਰੇਲਵੇ ਬੋਰਡ ਵੱਲੋਂ ਹਰੇਕ ਮੰਡਲ ਤੋਂ ਕਰੀਬ 4 ਤੋਂ 5 ਮਹਾਕੁੰਭ ਵਿਸ਼ੇਸ਼ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ’ਚ ਅੰਬਾਲਾ ਮੰਡਲ ਤੋਂ ਹੋ ਕੇ ਜਾਣ ਵਾਲੀਆਂ ਕਰੀਬ 4 ਸਪੈਸ਼ਲ ਰੇਲਾਂ 26 ਫਰਵਰੀ ਤੱਕ ਚਲਾਈਆਂ ਜਾ ਰਹੀਆਂ ਹਨ। ਪੂਰੇ ਭਾਰਤ ਤੋਂ ਕਰੀਬ ਹਜ਼ਾਰਾਂ ਦੀ ਗਿਣਤੀ ’ਚ ਸਪੈਸ਼ਲ ਰੇਲਗੱਡੀਆਂ ਚਲਾਈਆਂ ਗਈਆਂ ਤੇ ਕਈ ਰੂਟੀਨ ਰੇਲਾਂ ਵੀ ਪ੍ਰਯਾਗਰਾਜ ਹੋ ਕੇ ਜਾ ਰਹੀਆਂ ਹਨ। ਇਸ ਲਈ ਰੇਲਵੇ ਬੋਰਡ ਨੇ ਚੌਕਸੀ ਦਿਖਾਉਂਦਿਆਂ ਨਵੇਂ ਹੁਕਮ ਜਾਰੀ ਕੀਤੇ ਹਨ ਤਾਂ ਜੋ ਪ੍ਰਯਾਗਰਾਜ ਤੇ ਫਾਫਾਮਊ ਸਟੇਸ਼ਨਾਂ ’ਤੇ ਸ਼ਰਧਾਲੂਆਂ ਦੀ ਭੀੜ ਨਾ ਇਕੱਠੀ ਹੋਵੇ। ਰੇਲਾਂ ਸਮੇਂ ’ਤੇ ਹੋਣਗੀਆਂ ਤਾਂ ਸ਼ਰਧਾਲੂਆਂ ਦਾ ਆਉਣਾ-ਜਾਣਾ ਜਾਰੀ ਰਹਿ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਦੀਆਂ ਮੌਜਾਂ, ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਸਪੈਸ਼ਲ ਰੇਲਾਂ ਫੁੱਲ
ਮਹਾਕੁੰਭ ਵਿਸ਼ੇਸ਼ ਰੇਲਗੱਡੀ ਨੰਬਰ 04527-28 ਅੰਬ-ਅੰਦੌਰਾ ਤੋਂ ਵਾਇਆ ਚੰਡੀਗੜ੍ਹ ਹੋ ਕੇ ਫਾਫਾਮਊ ਜਾਣ ਵਾਲੀ ਤੇ ਅੰਬਾਲਾ ਤੋਂ ਫਾਫਾਮਊ ਜਾਣ ਵਾਲੀ ਰੇਲ ਨੰਬਰ 0452-26 ਫੁੱਲ ਹੋ ਚੁੱਕੀ ਹੈ। ਇਸ ਕਾਰਨ ਕਈ ਸ਼ਰਧਾਲੂ ਰੇਲਵੇ ਸਟੇਸ਼ਨ ’ਤੇ ਜਾ ਰਹੇ ਹਨ, ਪਰ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੇਲਗੱਡੀ ’ਚ ਸੀਟ ਨਹੀਂ ਹੈ। ਜੇਕਰ ਕੋਈ ਹੋਰ ਸਪੈਸ਼ਲ ਰੇਲਗੱਡੀ ਚੱਲੇਗੀ ਤਾਂ ਸੀਟਾਂ ਮਿਲ ਸਕਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News