''ਦੀਵਾਲੀ'' ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਕਰਮਚਾਰੀਆਂ ਨੂੰ ਦੇਵੇਗਾ ਵੱਡਾ ਤੋਹਫਾ
Wednesday, Oct 11, 2017 - 09:44 AM (IST)

ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਕਰਮਚਾਰੀਆਂ ਲਈ ਦਿਵਾਲੀ ਤੋਂ ਪਹਿਲਾਂ ਡਿਅਰਨੈੱਸ ਐਲਾਊਂਸ (ਡੀ. ਏ.) ਦੀ ਕਿਸ਼ਤ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਇਸ ਬਾਰੇ ਮੰਗਲਵਾਰ ਨੂੰ ਯੂ. ਟੀ. ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਵਲੋਂ ਆਰਡਰ ਵੀ ਜਾਰੀ ਕਰ ਦਿੱਤੇ ਗਏ ਹਨ। ਕਰਮਚਾਰੀਆਂ ਦਾ ਡੀ. ਏ. 136 ਫੀਸਦੀ ਤੋਂ ਵਧਾ ਕੇ 139 ਫੀਸਦੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਕ ਦੇ ਇਸ ਫੈਸਲੇ ਦਾ ਸੰਸਦ ਮੈਂਬਰ ਕਿਰਨ ਖੇਰ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕਰਮਚਾਰੀਆਂ ਲਈ ਦਿਵਾਲੀ ਗਿਫਟ ਵਜੋਂ ਹੋਵੇਗਾ।
ਜ਼ਿਕਰਯੋਗ ਹੈ ਕਿ ਕਿਰਨ ਖੇਰ ਨੇ ਕੁਝ ਦਿਨ ਪਹਿਲਾਂ ਪ੍ਰਸ਼ਾਸਕ ਦੇ ਸਲਾਹਕਾਰ ਪਰਿਮਲ ਰਾਏ ਨੂੰ ਪੱਤਰ ਲਿਖ ਕੇ ਕਰਮਚਾਰੀਆਂ ਨੂੰ ਡੀ. ਏ. ਦੀ ਕਿਸ਼ਤ 1 ਜੁਲਾਈ ਤੋਂ ਦੇਣ ਲਈ ਕਿਹਾ ਸੀ। ਉਥੇ ਹੀ ਪ੍ਰਸ਼ਾਸਨ ਵਲੋਂ ਮੰਗਲਵਾਰ ਨੂੰ ਇਕ ਆਰਡਰ ਜਾਰੀ ਕੀਤਾ ਗਿਆ, ਜਿਸ 'ਚ ਕੇਂਦਰ ਦੇ ਕਰਮਚਾਰੀਆਂ ਨੂੰ 7ਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਤਿਓਹਾਰੀ ਐਡਵਾਂਸ ਦੇਣ ਲਈ ਕਿਹਾ ਗਿਆ ਹੈ। ਹਾਲਾਂਕਿ ਇਹ ਫੈਸਲਾ ਉਨ੍ਹਾਂ ਕਰਮਚਾਰੀਆਂ 'ਤੇ ਲਾਗੂ ਨਹੀਂ ਹੋਵੇਗਾ, ਜਿਨ੍ਹਾਂ ਨੂੰ ਪੰਜਾਬ ਪੈਟਰਨ 'ਤੇ ਪੇ ਸਕੇਲ ਮਿਲਦਾ ਹੈ। ਇਹ ਆਰਡਰ ਯੂ. ਟੀ. ਦੇ ਸਪੈਸ਼ਲ ਸੈਕਟਰੀ ਫਾਈਨਾਂਸ ਵਲੋਂ ਜਾਰੀ ਕੀਤਾ ਗਿਆ ਹੈ।