ਜ਼ਮੀਨੀ ਝਗੜੇ 'ਚ ਪਿਓ ਕੋਲੋਂ 14 ਸਾਲਾ ਇਕਲੌਤੇ ਪੁੱਤ ਦੇ ਵੱਜੀ ਗੋਲ਼ੀ, ਹੋਈ ਦਰਦਨਾਕ ਮੌਤ
Thursday, Jun 23, 2022 - 03:08 PM (IST)
ਮੱਖੂ (ਵਾਹੀ ): ਅੱਜ ਪੁਲਸ ਥਾਣਾ ਮੱਖੂ ਅਧੀਨ ਪੈਂਦੇ ਪਿੰਡ ਘੁੱਦੂ ਵਾਲਾ ਵਿਖੇ ਬਹੁਤ ਹੀ ਦੁੱਖਦਾਈ ਘਟਨਾ ਵਾਪਰੀ ਜਿਸ ਵਿੱਚ ਘਰ ਦਾ ਇਕਲੌਤਾ ਚਿਰਾਗ ਘਰੇਲੂ ਕਲੇਸ਼ ਦੀ ਬਲੀ ਚੜ ਗਿਆ। ਮਿਲੀ ਜਾਣਕਾਰੀ ਮੁਤਾਬਕ 70 ਸਾਲਾ ਕੇਹਰ ਸਿੰਘ ਦਾ ਇਕ ਮੁੰਡਾ ਪਰਮਜੀਤ ਸਿੰਘ 42 ਸਾਲ ਅਤੇ ਤਿੰਨ ਧੀਆਂ ਸਨ ਅਤੇ ਸਾਰੇ ਹੀ ਵਿਆਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕੇਹਰ ਸਿੰਘ ਦੇ ਕੋਲ ਤਿੰਨ ਏਕੜ ਜ਼ਮੀਨ ਸੀ ਅਤੇ ਪਰਮਜੀਤ ਸਿੰਘ ਨੂੰ ਖਦਸ਼ਾ ਸੀ ਕਿ ਉਸ ਦਾ ਪਿਤਾ ਉਸ ਜ਼ਮੀਨ ਨੂੰ ਕੁੜੀਆਂ ਨੂੰ ਦੇ ਦੇਵੇਗਾ। ਇਸੇ ਕਾਰਨ ਦੇ ਚੱਲਦਿਆਂ ਪਰਮਜੀਤ ਸਿੰਘ ਜ਼ਮੀਨ ਵਿੱਚੋਂ ਡੇਢ ਏਕੜ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ- ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ’ਚ ਬਹੁਤ ਘੱਟ ਵਿਖਾਈ ਦਿੱਤਾ ਉਤਸ਼ਾਹ
ਇਸ ਸਬੰਧੀ ਬੀਤੇ ਲੰਮੇਂ ਸਮੇਂ ਤੋਂ ਪਰਮਜੀਤ ਸਿੰਘ ਦਾ ਆਪਣੇ ਪਿਤਾ ਕੇਹਰ ਸਿੰਘ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ। ਅੱਜ ਸਵੇਰੇ ਇਸੇ ਗੱਲ ਨੂੰ ਲੈ ਕਿ ਪਰਿਵਾਰ ਵਾਲਿਆਂ ਦੀ ਆਪਸ 'ਚ ਲੜਾਈ ਹੋਣੀ ਸ਼ੁਰੂ ਹੋ ਗਈ ਪਰ ਕੁਝ ਸਮੇਂ ਬਾਅਦ ਇਹ ਲੜਾਈ ਨੇ ਭਿਆਨਕ ਰੂਪ ਧਾਰ ਲਿਆ ਜਿਸ ਕਾਰਨ ਘਰ ਦੇ ਇਕਲੌਤੇ ਪੁੱਤ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ । ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਗਾਰਡ ਦੀ ਨੌਕਰੀ ਕਰਦਾ ਹੈ। ਆਪਸੀ ਲੜਾਈ ਦੌਰਾਨ ਗੁੱਸੇ 'ਚ ਆਏ ਪਰਮਜੀਤ ਸਿੰਘ ਜਦੋਂ ਆਪਣੀ ਲਾਇਸੈਂਸੀ 12 ਬੋਰ ਬੰਦੂਕ ਨਾਲ ਆਪਣੇ ਪਿਤਾ ਕੇਹਰ ਸਿੰਘ ਨੂੰ ਗੋਲੀ ਮਾਰਨ ਲੱਗਾ ਤਾਂ ਪਰਮਜੀਤ ਸਿੰਘ ਦਾ ਆਪਣਾ ਹੀ ਇਕਲੌਤਾ ਪੁੱਤਰ 14 ਸਾਲਾ ਮਹਿਕਪ੍ਰੀਤ ਸਿੰਘ ਆਪਣੇ ਦਾਦੇ ਦੇ ਬਚਾਅ ਲਈ ਅੱਗੇ ਆ ਗਿਆ ਅਤੇ ਗੋਲੀ ਸਿੱਧੀ ਉਸ ਦੀ ਛਾਤੀ ਵਿੱਚ ਵੱਜੀ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਥਾਣਾ ਮੱਖੂ ਦੇ ਮੁਖੀ ਜਤਿੰਦਰ ਸਿੰਘ ਅਤੇ ਡੀ.ਐੱਸ.ਪੀ ਜ਼ੀਰਾ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।