NRI ਪੋਤੀ ਸਾਹਮਣੇ ਨਾ ਚੱਲੀ ਕਲਯੁਗੀ ਦਾਦੀ ਦੀ ਚਲਾਕੀ, ਉਮੀਦਾਂ 'ਤੇ ਫਿਰਿਆ ਪਾਣੀ
Friday, Jul 24, 2020 - 01:00 PM (IST)
ਮੋਗਾ (ਸੰਦੀਪ ਸ਼ਰਮਾ) : ਇਕ ਚਲਾਕ ਦਾਦੀ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਲਾਲਚ 'ਚ ਆ ਕੇ ਪੋਤੀ ਦੇ ਹੱਕ ਵਾਲੀ ਸਾਰੀ ਵਸੀਅਤ ਆਪਣੇ ਨਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਐੱਨ. ਆਰ. ਆਈ. ਪੋਤੀ ਸਾਹਮਣੇ ਉਸ ਦੀ ਹੁਸ਼ਿਆਰੀ ਨਾ ਚੱਲ ਸਕੀ ਅਤੇ ਉਸ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਇਹ ਖੁਲਾਸਾ ਉਸ ਸਮੇਂ ਹੋਇਆ, ਜਦੋਂ ਇਸ ਗੱਲ ਦਾ ਪਤਾ ਲੱਗਣ ’ਤੇ ਐੱਨ. ਆਰ. ਆਈ. ਕੁੜੀ ਦੇ ਮਾਮੇ ਵੱਲੋਂ ਇਸ ਵਸੀਅਤ 'ਤੇ ਦਰਜ ਹਸਤਾਖਰ ਦੀ ਜਾਂਚ ਪੁਲਸ ਦੇ ਏ. ਡੀ. ਜੀ. ਪੀ. ਨੂੰ ਕਰਵਾਉਣ ਦੀ ਗੁਹਾਰ ਲਾਈ, ਜਿਸ ਉਪਰੰਤ ਮਹਿਕਮੇ ਦੀ ਫੋਰੈਂਸਿਕ ਲੈਬਾਰਟਰੀ 'ਚ ਇਸ ਜ਼ਾਇਦਾਦ ਦੇ ਮਾਲਕ ਦੇ ਹਸਤਾਖਰ ਜਾਅਲੀ ਹੋਣ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਇਹ ਕੰਮ ਕਰਨ ਵਾਲੀ ਦਾਦੀ ਅਤੇ ਉਸ ਦਾ ਸਾਥ ਦੇਣ ਵਾਲੇ ਦੋ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਸੰਭਵ ਹੋ ਸਕੀ, ਪਰ ਇਸ ਤੋਂ ਪਹਿਲਾਂ ਐੱਨ. ਆਰ. ਆਈ. ਕੁੜੀ ਦੇ ਰਿਸ਼ਤੇਦਾਰਾਂ ਨੇ ਅਦਾਲਤ 'ਚੋਂ ਸਟੇਅ ਆਰਡਰ ਲੈ ਲਿਆ, ਤਾਂ ਜੋ ਉਕਤ ਜਾਇਦਾਦ ਨੂੰ ਵੇਚਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : 'ਕੋਰੋਨਾ' ਕਾਰਨ ਕੈਪਟਨ ਦੀ ਸਖ਼ਤੀ, ਹਜ਼ਾਰਾਂ ਪੁਲਸ ਮੁਲਾਜ਼ਮਾਂ ਨੂੰ ਗੈਰ-ਜ਼ਰੂਰੀ ਡਿਊਟੀ ਤੋਂ ਹਟਾਉਣ ਦੇ ਹੁਕਮ
ਮਾਮਲੇ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤ ਕਰਤਾ ਐੱਨ. ਆਰ. ਆਈ. ਸਚਲੀਨ ਕੌਰ ਪੁੱਤਰੀ ਸਵ. ਹਰਜਿੰਦ ਸਿੰਘ ਦੇ ਮਾਮਾ ਕੁਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਹਰਜਿੰਦ ਸਿੰਘ ਦੀ ਸਾਲ 1999 'ਚ ਅਮਰੀਕਾ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ, ਜਿਸ ਉਪਰੰਤ ਉਨ੍ਹਾਂ ਦੀ ਭਾਣਜੀ ਸਚਲੀਨ ਕੌਰ ਉਨ੍ਹਾਂ ਕੋਲ ਰਹਿਣ ਲੱਗ ਪਈ ਅਤੇ ਕੁੱਝ ਸਾਲ ਪਹਿਲਾਂ ਉਹ ਅਮਰੀਕਾ ਉਨ੍ਹਾਂ ਦੀ ਭੈਣ ਦਲਜੀਤ ਕੌਰ ਕੋਲ ਚਲੀ ਗਈ ਸੀ, ਜਿਸ ਤੋਂ ਬਾਅਦ ਸਚਲੀਨ ਕੌਰ ਦੇ ਦਾਦਾ ਗੁਰਮੇਲ ਸਿੰਘ ਦੀ 25 ਦਸੰਬਰ, 2017 ਨੂੰ ਮੌਤ ਹੋ ਗਈ ਸੀ, ਪਰ ਉਸ ਦੀ ਦਾਦੀ ਕਰਤਾਰ ਕੌਰ ਨੇ ਇਸ ਦੀ ਸੂਚਨਾ ਅਮਰੀਕਾ ਵਿਖੇ ਆਪਣੀ ਪੋਤੀ ਨੂੰ ਦਿੱਤੇ ਬਿਨਾਂ ਹੀ ਗੁਰਮੇਲ ਸਿੰਘ ਦਾ ਅੰਤਿਮ ਸੰਸਕਾਰ ਅਤੇ ਭੋਗ ਦੀ ਰਸਮ ਵੀ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਪੁੱਜ ਰਹੇ ਨੇ ਗੈਰ ਕਾਨੂੰਨੀ 'ਹਥਿਆਰ', ਇੰਝ ਹੋ ਰਹੀ ਸਪਲਾਈ
ਇਸ ਉਪਰੰਤ ਕਰਤਾਰ ਕੌਰ ਨੇ ਸਚਲੀਨ ਕੌਰ ਦੀ ਜਾਇਦਾਦ ’ਚੋਂ ਹਿੱਸਾ ਹੜੱਪਣ ਲਈ ਸਥਾਨਕ ਬੁੱਕਣ ਵਾਲਾ ਰੋਡ ’ਤੇ ਸਥਿਤ ਇਕ ਧਾਰਮਿਕ ਸਥਾਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਬਲਦੇਵ ਸਿੰਘ ਨਾਲ ਮਿਲੀ-ਭੁਗਤ ਨਾਲ ਮ੍ਰਿਤਕ ਗੁਰਮੇਲ ਸਿੰਘ ਦੇ ਜਾਅਲੀ ਹਸਤਾਖਰ ਕਰ ਕੇ ਵਸੀਅਤ ਤਿਆਰ ਕਰ ਲਈ ਅਤੇ 32 ਕਨਾਲ 18 ਮਰਲੇ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਪਤਾ ਲੱਗਣ ’ਤੇ ਪਹਿਲਾਂ ਉਨ੍ਹਾਂ ਇਸ ਜਾਇਦਾਦ ਦਾ ਅਦਾਲਤ ’ਚੋਂ ਸਟੇਅ ਆਰਡਰ ਮਨਜ਼ੂਰ ਕਰਵਾਇਆ, ਫਿਰ ਮਾਲ ਮਹਿਕਮੇ ਵੱਲੋਂ ਵੀ ਜਾਅਲੀ ਵਸੀਅਤ ਦੇ ਆਧਾਰ ’ਤੇ ਰਜਿਸਟਰੀ ਕਰਨ ਦਾ ਖੁਲਾਸਾ ਕਰਨ ਲਈ ਵਸੀਅਤ ਤੇ ਇਸ ਸਾਰੀ ਜ਼ਮੀਨ ਦੇ ਮਾਲਕ ਮ੍ਰਿਤਕ ਗੁਰਮੇਲ ਸਿੰਘ ਦੇ ਹਸਤਾਖਰਾਂ ਦੀ ਜਾਂਚ ਕਰਵਾਈ ਅਤੇ ਰਿਪੋਰਟ ਦੇ ਆਧਾਰ ’ਤੇ ਇੰਝ ਕਰਨ ਵਾਲਿਆਂ ਖਿਲਾਫ ਐੱਨ. ਆਰ. ਆਈ. ਥਾਣੇ ’ਚ ਪੁਲਸ ਕਾਰਵਾਈ ਕਰਵਾਈ ਹੈ ਅਤੇ ਇਸ ਮਾਮਲੇ 'ਚ ਪੁਲਸ ਵੱਲੋਂ ਸ਼ਿਕਾਇਤ ਕਰਤਾ ਦੀ ਦਾਦੀ ਅਤੇ ਉਸ ਦਾ ਸਾਥ ਦੇਣ ਵਾਲਿਆਂ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਸਮੇਤ ਬਣਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : 'ਗਰਭਵਤੀ ਜਨਾਨੀਆਂ' ਤੋਂ ਡਿਊਟੀ ਕਰਾਉਣ ਸਬੰਧੀ ਪੰਜਾਬ ਸਰਕਾਰ ਨੂੰ ਸਖ਼ਤ ਨਿਰਦੇਸ਼
ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਦੇ ਜੀਜਾ ਹਰਜਿੰਦ ਸਿੰਘ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਵੀ ਕਰਤਾਰ ਕੌਰ ਨੇ ਅਮਰੀਕਾ ਦੀ ਸਿਟੀਜ਼ਨ ਹੋਣ ਕਰ ਕੇ ਉਨ੍ਹਾਂ ਦੇ ਜੀਜਾ ਦੀ ਅਮਰੀਕਾ ਵਿਖੇ ਸਾਰੀ ਜਾਇਦਾਦ ਜਿਸ 'ਚ ਟਰੱਕ ਆਦਿ ਸੀ, ਉਹ ਵੀ ਹੜੱਪ ਲਏ ਸਨ। ਕੁਲਵੀਰ ਸਿੰਘ ਨੇ ਕਿਹਾ ਪਰ ਹੁਣ ਉਹ ਬਰਦਾਸ਼ਤ ਨਹੀਂ ਕਰਨਗੇ ਅਤੇ ਆਪਣੀ ਭਾਣਜੀ ਸਚਲੀਨ ਕੌਰ ਨੂੰ ਬਣਦਾ ਹਿੱਸਾ ਦਵਾ ਕੇ ਹੀ ਸਾਹ ਲੈਣਗੇ।