ਨਜਾਇਜ਼ ਕੰਡਿਆਂ ਦੇ ਮਾਮਲੇ ’ਚ ਗੌਗਲੂਆਂ ਤੋਂ ਮਿੱਟੀ ਝਾੜਨ ਲੱਗਾ ਪ੍ਰਸ਼ਾਸਨ

Tuesday, Nov 08, 2022 - 04:00 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਦੀ ਦਾਣਾ ਮੰਡੀ ਵਿਚ ਲੱਗੇ ਨਜਾਇਜ਼ ਕੰਡਿਆਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਆਖਰ ਆਪ ਹੀ ਮੌਕਾ ਸੰਭਾਲਿਆ ਅਤੇ ਮਾਰਕਿਟ ਕਮੇਟੀ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਨਜਾਇਜ਼ ਕੰਡਿਆਂ ਵੱਲ ਹੋ ਤੁਰੇ। ਬੀਤੀ ਸ਼ਾਮ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਅਤੇ ਮਾਰਕਿਟ ਕਮੇਟੀ ਕਰਮਚਾਰੀ ਨਜਾਇਜ਼ ਕੰਡਿਆਂ ਵੱਲ ਹੋ ਤੁਰੇ। ਇਸ ਦੌਰਾਨ ਮਾਰਕਿਟ ਕਮੇਟੀ ਦੇ ਕਰਮਚਾਰੀਆਂ ਵੱਲੋਂ ਨਜਾਇਜ਼ ਕੰਡੇ ਤਾਂ ਜ਼ਬਤ ਕਰ ਲਏ ਗਏ ਪਰ ਕਿਸਾਨ ਯੂਨੀਅਨ ਦੇ ਆਗੂਆਂ ਅਨੁਸਾਰ ਇਨ੍ਹਾਂ ਨਜਾਇਜ਼ ਕੰਡਿਆਂ ’ਤੇ ਜੋ ਝੋਨਾ ਪਿਆ ਹੈ, ਉਹ ਜਾਂ ਤਾਂ ਜ਼ਬਤ ਹੋਣਾ ਚਾਹੀਦਾ ਹੈ ਜਾਂ ਫਿਰ ਇਸ ਮਾਮਲੇ ਵਿਚ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਯੂਨੀਅਨ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਨੇ ਕਿਹਾ ਕਿ ਇਕੱਲੇ ਕੰਡੇ ਚੁੱਕਣ ਨਾਲ ਮਸਲਾ ਹੱਲ ਨਹੀਂ ਹੋਣਾ ਚਾਹੀਦਾ ਇਨ੍ਹਾਂ ਨਜਾਇਜ਼ ਕੰਡਿਆਂ ’ਤੇ ਪਿਆ ਝੋਨਾ ਜ਼ਬਤ ਹੋਣਾ ਚਾਹੀਦਾ। 

ਮੌਕੇ ’ਤੇ ਪਹੁੰਚੇ ਮਾਰਕਿਟ ਕਮੇਟੀ ਦੇ ਮੰਡੀ ਸੁਪਰਵਾਈਜ਼ਰ ਕਲਗਾ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਫਿਲਹਾਲ ਕੰਡੇ ਚੁੱਕ ਲਏ ਗਏ ਹਨ ਅਤੇ ਇਨ੍ਹਾਂ ਵੱਲੋਂ ਖਰੀਦੇ ਗਏ ਝੋਨੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਜੋ ਨਿਯਮਾਂ ਅਨੁਸਾਰ ਕਾਰਵਾਈ ਬਣਦੀ ਹੋਈ, ਉਹ ਕੀਤੀ ਜਾਵੇਗੀ। ਉਧਰ ਇਕ ਦਿਨ ਬੀਤ ਜਾਣ ਬਾਅਦ ਜਦੋਂ ਕਾਰਵਾਈ ਸਬੰਧੀ ਜ਼ਿਲ੍ਹਾ ਮੰਡੀ ਅਫ਼ਸਰ ਗੌਰਵ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨਜਾਇਜ਼ ਕੰਡੇ ਚੁੱਕੇ ਗਏ ਹਨ ਅਤੇ ਕਿਸਾਨ ਯੂਨੀਅਨ ਵੱਲੋਂ ਜੋ ਨਜਾਇਜ਼ ਕੰਡਿਆਂ ’ਤੇ ਪਏ ਝੋਨੇ ’ਤੇ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ, ਉਸ ਸਬੰਧੀ ਮਾਰਕਿਟ ਕਮੇਟੀ ਸਕੱਤਰ ਨੂੰ ਆਖਿਆ ਗਿਆ ਹੈ ਉਹ ਜਾਂਚ ਕਰ ਰਹੇ ਹਨ। ਉਧਰ ਜਦ ਇਸ ਸਬੰਧੀ ਮਾਰਕਿਟ ਕਮੇਟੀ ਸਕੱਤਰ ਅਮਨਦੀਪ ਸਿੰਘ ਕੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਜਾਇਜ਼ ਕੰਡਿਆਂ ਵਿਰੁੱਧ ਉਹ ਕਾਰਵਾਈ ਕਰ ਰਹੇ ਹਨ, ਜਿਥੋਂ ਤੱਕ ਇਨ੍ਹਾਂ ਨਜਾਇਜ਼ ਕੰਡਿਆਂ ’ਤੇ ਪਏ ਝੋਨੇ ਦੀ ਗੱਲ ਹੈ ਇਨ੍ਹਾਂ ਕੋਲ ਕੋਈ ਲਾਇਸੰਸ ਨਹੀਂ ਜਿਸ ਕਾਰਨ ਇਨ੍ਹਾਂ ਮਾਰਕਿਟ ਕਮੇਟੀ ਫੀਸ ਤਾਂ ਕੱਟੀ ਨਹੀਂ ਜਾ ਸਕਦੀ, ਇਸ ਸਬੰਧੀ ਇਹ ਝੋਨਾ ਜ਼ਬਤ ਕਰਨ ਜਾਂ ਹੋਰ ਕਾਰਵਾਈ ਉਹ ਜਲਦ ਜਾਂਚ ਉਪਰੰਤ ਅਮਲ ਵਿਚ ਲਿਆਉਣਗੇ। ਇਸ ਮਾਮਲੇ ਵਿਚ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਕਾਕਾ ਉੜਾਂਗ ਨੇ ਕਿਹਾ ਕਿ ਮਾਮਲੇ ਵਿਚ ਮਾਰਕਿਟ ਕਮੇਟੀ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਮੰਡੀ ਵਿਚ ਪਹੁੰਚੇ ਕਿਸੇ ਕਿਸਾਨ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।


Gurminder Singh

Content Editor

Related News