ਸਰਕਾਰ ਬਿਜਲੀ ਪਲਾਂਟ ਮਾਲਕਾਂ ਤੋਂ ਰਿਸ਼ਵਤ ਵਸੂਲਣ ਲਈ ਬਿਜਲੀ ਖਰੀਦ ਸਮਝੌਦੇ ਰੱਦ ਕਰਨ ਦੀ ਧਮਕੀ ਦੇ ਰਹੀ ਹੈ : ਮਜੀਠੀਆ

Wednesday, Nov 17, 2021 - 08:13 PM (IST)

ਸਰਕਾਰ ਬਿਜਲੀ ਪਲਾਂਟ ਮਾਲਕਾਂ ਤੋਂ ਰਿਸ਼ਵਤ ਵਸੂਲਣ ਲਈ ਬਿਜਲੀ ਖਰੀਦ ਸਮਝੌਦੇ ਰੱਦ ਕਰਨ ਦੀ ਧਮਕੀ ਦੇ ਰਹੀ ਹੈ : ਮਜੀਠੀਆ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਬਾਰੇ ਲੋਕਾਂ ਨੂੰ ਝੂਠ ਬੋਲਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਕਾਂਗਰਸ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੇ ਉਲਟ ਹਾਲੇ ਤੱਕ ਕੋਈ ਬਿਜਲੀ ਖਰੀਦ ਸਮਝੌਤਾ ਰੱਦ ਨਹੀਂ ਕੀਤਾ ਗਿਆ ਜਦਕਿ ਕਾਂਗਰਸ ਨੇ ਆਪਣਾ ਕੋਰਾ ਝੂਠ ਵੇਚਣ ਲਈ ਵੱਡੇ-ਵੱਡੇ ਪੋਸਟਰ ਵੀ ਲਗਵਾ ਦਿੱਤੇ ਹਨ।  ਸੀਨੀਅਰ ਅਕਾਲੀ ਆਗੂ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਇੰਨੇ ਨਾਦਾਨ ਹਨ ਜਾਂ ਫਿਰ ਇੰਨੇ ਸ਼ਾਤਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਤੇ ਕਾਂਗਰਸ ਹਾਈ ਕਮਾਂਡ ਸਿਰਫ ਬਿਜਲੀ ਪਲਾਂਟ ਮਾਲਕਾਂ ਨੁੰ ਬਲੈਕ ਮੇਲ ਕਰ ਕੇ ਉਨ੍ਹਾਂ ਤੋਂ ਭ੍ਰਿਸ਼ਟਾਚਾਰ 'ਚ ਸ਼ਾਮਲ ਕਰਵਾ ਕੇ ਰਿਸ਼ਵਤ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਕਾਂਗਰਸ ਦੇ ਆਗੂ ਬਿਜਲੀ ਖਰੀਦ ਸਮਝੌਤੇ ਰੱਦ ਨਾ ਹੋਣ ਦੇਣ ਦੇ ਇਵਜ਼ 'ਚ ਸੈਂਕੜੇ ਕਰੋੜਾਂ ਰੁਪਏ ਇਕੱਠੇ ਕਰ ਕੇ ਰਾਤੋਂ-ਰਾਤ ਅਮੀਰ ਬਣਨ ਦੀ ਫਿਰਾਕ 'ਚ ਹਨ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਅਤੇ ਵਿੱਤ ਮੰਤਰੀ ਆਪਣੇ ਪ੍ਰਧਾਨ ਨਵਜੋਤ ਸਿੱਧੂ ਦੇ ਸਵਾਲਾਂ ਦੇ ਜਵਾਬ ਦੇਣ : ਹਰਪਾਲ ਚੀਮਾ

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਵਿਧਾਨ ਸਭਾ 'ਚ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਦੀ ਸਾਰੀ ਪ੍ਰਕਿਰਿਆ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਵੱਡਾ ਧੋਖਾ ਹੈ ਕਿਉਂਕਿ ਇਹ ਵਿਧਾਨ ਸਭਾ ਨਹੀਂ ਬਲਕਿ ਰਾਜ ਸਰਕਾਰ ਹੈ ਜਿਸ ਨੇ ਬਿਜਲੀ ਸਮਝੌਤੇ ਰੱਦ ਕਰਨ ਲਈ ਕਾਰਜਕਾਰੀ ਫੈਸਲਾ ਲੈਣਾ ਹੈ। ਉਨ੍ਹਾਂ ਕਿਹਾ ਕਿ ਜਾਂ ਤਾਂ ਅਜਿਹਾ ਕਰਦਿਆਂ ਉਨ੍ਹਾਂ ਦੀਆਂ ਲੱਤਾਂ ਕੰਬ ਗਈਆਂ ਹੋਣਗੀਆਂ ਕਿਉਂਕਿ ਉਹ ਜਾਣਦੇ ਹਨ ਕਿ ਅਜਿਹਾ ਕਰਨਾ ਗਲਤ ਹੋਵੇਗਾ ਤੇ ਅਸਥਿਰ ਹੋਵੇਗਾ ਕਿਉਂਕਿ ਬਿਜਲੀ ਸਾਂਝੀ ਸੂਚੀ ਦਾ ਵਿਸ਼ਾ ਹੈ ਜਾਂ ਫਿਰ ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਉਹ ਬਿਜਲੀ ਖਰੀਦ ਸਮਝੌਤੇ ਰੱਦ ਕਰਨ ਲਈ ਕਾਰਜਕਾਰੀ ਹੁਕਮ ਜਾਰੀ ਕਰਨ ਦੀ ਥਾਂ ਖੋਖਲੇ ਮਤੇ ਪਾਸ ਕਰ ਕੇ ਲੋਕਾਂ ਨੂੰ ਮੂਰਖ ਬਣਾ ਸਕਦੇ ਹਨ। ਚਰਨਜੀਤ ਸਿੰਘ ਚੰਨੀ ਜੋ ਆਪਣੇ ਆਪ ਨੁੰ ਅਰਥਸ਼ਾਸਤਰ 'ਚ ਪੋਸਟ ਗਰੈਜੂਏਟ ਦੱਸਦੇ ਹਨ, ਨੂੰ ਲੀਪਾ ਪੋਥੀ ਕਰਨ ਵਾਲਿਆਂ ਤੇ ਸਿਨਮੈਟਗ੍ਰਾਫਰਾਂ ਦੀ ਥਾਂ ਆਰਥਿਕ ਮਾਹਿਰਾਂ ਨਾਲ ਰਾਇ ਮਸ਼ਵਰਾ ਕਰਨ ਦੀ ਸਲਾਹ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਤੁਹਾਡੇ ਵੱਲੋਂ ‘ਮੀ ਟੂ ਵਿਅਕਤੀ ਨੂੰ ਆਮ ਆਦਮੀ’ ਵਿਚ ਬਦਲਣ ਦੀ ਕਾਹਲ ਲੋਕਾਂ ਨੂੰ ਤੁਹਾਡੇ ‘ਮੀ ਟੂ’ ਪਲ ਚੇਤੇ ਕਰਵਾ ਰਹੀ ਹੈ। ਉਨ੍ਹਾਂ ਪੁੱਛਿਆ ਕਿ ਤੁਸੀਂ ਆਪਣਾ ਨਕਲੀ ਗਰੀਬ ਤੇ ਆਦਮੀ ਵਜੋਂ ਪੇਸ਼ ਕਰਨ ਵਿਚ ਹਰ ਹਫਤੇ ਕਿੰਨੇ ਸੌ ਕਰੋੜ ਰੁਪਏ ਗਰੀਬ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਹੋ ? ਉਨ੍ਹਾਂ ਕਿਹਾ ਕਿ ਕੋਈ ਵੀ ਗਰੀਬ ਆਦਮੀ ਆਪਣਾ ਨਕਲੀ ਅਕਸ ਬਣਾਉਣ ਲਈ ਕਿਸੇ ਹੋਰ ਗਰੀਬ ਦਾ ਪੈਸਾ ਫੂਕ ਨਹੀਂ ਸਕਦਾ।

ਇਹ ਵੀ ਪੜ੍ਹੋ : ਕੋਵਿਡ ਵਾਰਡ 'ਚ ਹਵਾ 'ਚ ਮੌਜੂਦ ਕੋਰੋਨਾ ਵਾਇਰਸ ਨੂੰ ਹਟਾ ਸਕਦੇ ਹਨ ਏਅਰ ਫਿਲਟਰ : ਅਧਿਐਨ

ਮਜੀਠੀਆ ਨੇ ਮੁੱਖ ਮੰਤਰੀ ਨੁੰ ਚੁਣੌਤੀ ਦਿੱਤੀ ਕਿ ਉਹ ਸਾਬਤ ਕਰਨ ਕਿ ਅਕਾਲੀ ਸਰਕਾਰ ਨੇ ਸੂਬੇ ਲਈ ਸੋਲਰ ਬਿਜਲੀ 17 ਰੁਪਏ ਪ੍ਰਤੀ ਯੁਨਿਟ ਦੀ ਦਰ ਨਾਲ ਖਰੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਚੁਣੌਤੀ ਕਬੂਲ ਕਰਨ ਕਿ ਜੇਕਰ ਸਾਡੇ ਦੋਹਾਂ 'ਚੋਂ ਕੋਈ ਵੀ 17 ਰੁਪਏ ਦੀ ਦਰ ਨਾਲ ਸੋਲਰ ਬਿਜਲੀ ਖਰੀਦਣ ਬਾਰੇ ਝੂਠਾ ਸਾਬਤ ਹੋਇਆ ਤਾਂ ਉਹ ਅਸਤੀਫਾ ਦੇਵੇਗਾ ਤੇ ਕਦੇ ਵੀ ਚੋਣਾਂ ਨਹੀਂ ਲੜੇਗਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੇਂਦਰ ਦੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਜੋ ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ ਤਹਿਤ ਲਾਗੂ ਕੀਤੇ ਗਏ, ਦੇ ਮਾਮਲੇ ਵਿਚ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀ ਪਹਿਲਾਂ ਆਓ ਪਹਿਲਾਂ ਪਾਓ ਦੀ ਨੀਤੀ ਮੁਤਾਬਕ ਪੰਜਾਬ ਲਈ ਸੋਲਰ ਪ੍ਰਾਜੈਕਟ ਤੈਅ ਕੀਤੇ ਸਨ ਤੇ ਇਹ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਸੀ ਜਿਸਨੇ 17.28 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਬਿਜਲੀ ਖਰੀਣਣ ਲਈ ਫੈਸਲਾ ਕੀਤਾ ਜਿਸ ਵਿਚੋਂ 12.50 ਰੁਪਏ ਪ੍ਰਤੀ ਯੂਨਿਟ ਦਾ ਖਰਚਾ ਕੇਂਦਰ ਸਰਕਾਰ ਨੇ ਚੁੱਕਣਾ ਸੀ। 

ਇਹ ਵੀ ਪੜ੍ਹੋ : ਪੋਲੈਂਡ ਨੇ ਕੀਤਾ ਪਾਣੀਆਂ ਦੀਆਂ ਵਾਛੜਾਂ ਦਾ ਇਸਤੇਮਾਲ, ਬੇਲਾਰੂਸ 'ਤੇ ਹਮਲੇ ਦਾ ਲਾਇਆ ਦੋਸ਼

ਅਕਾਲੀ ਆਗੂ ਨੇ ਮੁੱਖ ਮੰਤਰੀ ਨੁੰ ਚੇਤੇ ਕਰਵਾਇਆ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੋਲਰ ਪ੍ਰਾਜੈਕਟਾਂ ਨਾਲ ਕੀਤੇ ਗਏ ਸਮਝੌਤਿਆਂ ਦੀ ਬਦੌਲਤ ਸੂਬੇ 'ਚ 6,000 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ ਜਿਸ 'ਚੋਂ 1000 ਕਰੋੜ ਰੁਪਏ ਸਰਹੱਦੀ ਪੱਟੀ 'ਚ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੁੰ ਆਪਣੀ ਅਣਵਰਤੀ ਜ਼ਮੀਨ ਲਈ ਪਟੇ ’ਤੇ ਚੰਗੀਆਂ ਕੀਮਤਾਂ ਮਿਲੀਆਂ ਤੇ ਇਹਨਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਆਮਦਨ ਮਿਲੀ ਜਿਸ ਵਿਚ ਸਾਲਾਨਾ 6 ਫੀਸਦੀ ਦਾ ਵਾਧਾ ਤੈਅ ਕੀਤਾ ਗਿਆ ਜਿਸਦੀ ਬਦੌਲਤ ਚਾਰ ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਰੱਦ ਕਰਨ ਦੇ ਕਿਸੇ ਵੀ ਯਤਨ ਨਾਲ ਸੁਬੇ 'ਚ ਨਿਵੇਸ਼ ਪ੍ਰਭਾਵਤ ਹੋਵੇਗਾ ਜੋ ਪਹਿਲਾਂ ਹੀ ਇਸ ਵੇਲੇ ਬਹੁਤ ਜ਼ਿਆਦਾ ਘਟਿਆ ਹੋਇਆ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੋਲਰ ਬਿਜਲੀ ਪ੍ਰਾਜੈਕਟਾਂ ਦਾ ਸਿਆਸੀਕਰਨ ਕਰਨ ਦੀ ਸਾਜ਼ਿਸ਼ ਨੂੰ ਇਸ ਸਾਲ ਰਾਜ ਸਰਕਾਰ ਵੱਲੋਂ ਜਾਰੀ ਕੀਤੇ ਗਏ ਵ੍ਹਾਈਟ ਪੇਪਰ ਨਾਲ ਬੇਨਕਾਸ ਕੀਤਾ। ਉਨ੍ਹਾਂ ਦੱਸਿਆ ਕਿ ਵ੍ਹਾਈਟ ਪੇਪਰ 'ਚ ਸੂਬੇ 'ਚ ਸੋਲਰ ਤੇ ਹੋਰ ਨਵਿਆਉਣਯੋਗ ਬਿਜਲੀ ਪ੍ਰਾਜੈਕਟ ਲਾਉਣ ਦੀ ਸ਼ਲਾਘਾ ਕੀਤੀ ਗਈ ਸੀ ਤੇ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੁੰ ਇਨ੍ਹਾਂ ਪ੍ਰਾਜੈਕਟਾਂ ਲਈ ਕੌਮੀ ਐਵਾਰਡ ਵੀ ਮਿਲੇ ਸਨ। ਉਨ੍ਹਾਂ ਕਿਹਾ ਕਿ ਚੰਨੀ ਪੰਜਾਬੀਆਂ ਨੂੰ ਦੱਸਣ ਕਿ ਸੱਚ ਕੀ ਹੈ। ਉਨ੍ਹਾਂ ਕਿਹਾ ਕਿ ਕੀ ਇਸ ਸਾਲ ਮਾਰਚ 'ਚ ਉਨ੍ਹਾਂ ਦੀ  ਸਰਕਾਰ ਵੱਲੋਂ ਕੀਤੇ ਦਾਅਵੇ ਸੱਚ ਹਨ ਜਾਂ ਫਿਰ ਹੁਣ ਬੋਲਿਆ ਜਾ ਰਿਹਾ ਸਫੈਦ ਝੂਠ ਤੇ ਕੀਤਾ ਜਾ ਰਿਹਾ ਧੋਖਾ ਸੱਚ ਹੈ।

ਇਹ ਵੀ ਪੜ੍ਹੋ : ਰੂਸ ਨੇ ਕੋਰੋਨਾ ਆਫ਼ਤ ਦਰਮਿਆਨ ਹੋਰ ਦੇਸ਼ਾਂ ਨਾਲ ਉਡਾਣਾਂ ਕੀਤੀਆਂ ਸ਼ੁਰੂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News