ਕਿਸਾਨੀ ਕਰਜ਼ੇ ਮੁਆਫ਼ੀ ਵਾਲਾ ਫੈਸਲਾ ਸਰਕਾਰ ਕਿਸੇ ਸਿਰੇ ਨਹੀਂ ਲਾ ਸਕੀ
Sunday, Nov 12, 2017 - 07:58 AM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਸੂਬੇ ਦਾ ਰਾਜ ਭਾਗ ਸੰਭਾਲਿਆ 8 ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਸਰਕਾਰ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ਼ ਕਰਨ ਵਾਲਾ ਆਪਣਾ ਫੈਸਲਾ ਕਿਸੇ ਸਿਰੇ ਨਹੀਂ ਲਾ ਸਕੀ, ਜਿਸ ਕਰਕੇ ਸਮੁੱਚਾ ਕਿਸਾਨ ਵਰਗ ਪ੍ਰੇਸ਼ਾਨ ਤੇ ਨਿਰਾਸ਼ਾ ਦੇ ਆਲਮ ਵਿਚ ਹੈ ਅਤੇ ਸਰਕਾਰ ਨਾਲ ਕਿਸਾਨਾਂ ਦੀ ਨਾਰਾਜ਼ਗੀ ਵੀ ਹਰ ਥਾਂ ਝਲਕ ਰਹੀ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕਿਸਾਨਾਂ ਨਾਲ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ। ਕਰਜ਼ੇ ਮੁਆਫ਼ੀ ਵਾਲੀ ਗੱਲ ਨੇ ਸੂਬੇ ਦੇ ਕਿਸਾਨਾਂ ਨੂੰ ਕਾਂਗਰਸ ਦੇ ਹੱਕ ਵਿਚ ਵੋਟਾਂ ਪਾਉਣ ਲਈ ਉਕਸਾਇਆ ਤੇ ਜੱਟਾਂ ਨੇ ਧੜਾਧੜ ਪੰਜੇ ਦੇ ਨਿਸ਼ਾਨ ਵਾਲਾ ਬਟਨ ਦਬਾ ਦਿੱਤਾ। ਕਿਸਾਨਾਂ ਨੂੰ ਉਮੀਦ ਸੀ ਕਿ ਕੈਪਟਨ ਸਰਕਾਰ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕਰ ਦੇਵੇਗੀ ਪਰ ਕਰਜ਼ੇ ਦਾ ਰੇੜਕਾ ਅਜੇ ਜਾਰੀ ਹੈ। ਪਹਿਲਾਂ ਸਾਰੇ ਕਰਜ਼ੇ ਮੁਆਫ਼ ਹੋਣ ਦੀ ਗੱਲ ਤੇ ਫਿਰ ਢਾਈ ਏਕੜ ਤੇ ਕਦੇ ਪੰਜ ਏਕੜ ਵਾਲੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਹੋਣ ਦੀਆਂ ਗੱਲਾਂ। ਉਡੀਕ-ਉਡੀਕ ਕੇ ਕਿਸਾਨ ਥੱਕ ਹਾਰ ਗਏ ਪਰ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨੂੰ ਮੁਆਫ ਕਰਨ ਵਾਲਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ, ਜਿਸ ਕਰਕੇ ਕੈਪਟਨ ਸਰਕਾਰ ਦਾ ਕਰਜ਼ਾ ਮੁਆਫ਼ੀ ਵਾਲਾ ਵਾਅਦਾ ਅਜੇ ਵਫ਼ਾ ਨਹੀਂ ਹੋਇਆ।
ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਸਰਕਾਰ ਆਪਣੇ ਫੈਸਲੇ ਤੋਂ ਮੁੱਕਰ ਰਹੀ ਹੈ ਤੇ ਕਿਸਾਨਾਂ ਨਾਲ ਨਿਰਾ ਧੋਖਾ ਹੋਇਆ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦਾ ਸਾਰਾ ਮੰਤਰੀ ਮੰਡਲ ਅੱਜ ਵੀ ਇਹੋ ਕਹਿ ਰਿਹਾ ਹੈ ਕਿ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕਰ ਦਿੱਤਾ ਗਿਆ ਹੈ ਪਰ ਜੇਕਰ ਵੇਖਿਆ ਜਾਵੇ ਤਾਂ ਕਿਸਾਨਾਂ ਦੇ ਹੱਥ ਪੱਲੇ ਕੱਖ ਨਹੀਂ ਆਇਆ।
