ਸਕੂਲਾਂ ਦੀਆਂ ਅਣ-ਸੁਰੱਖਿਅਤ ਇਮਾਰਤਾਂ ’ਚ ਨਹੀਂ ਬੈਠਣਗੇ ਵਿਦਿਆਰਥੀ, ਹੋਵੇਗਾ ਸਕੂਲ ਸੇਫਟੀ ਆਡਿਟ

Thursday, May 28, 2026 - 10:51 PM (IST)

ਸਕੂਲਾਂ ਦੀਆਂ ਅਣ-ਸੁਰੱਖਿਅਤ ਇਮਾਰਤਾਂ ’ਚ ਨਹੀਂ ਬੈਠਣਗੇ ਵਿਦਿਆਰਥੀ, ਹੋਵੇਗਾ ਸਕੂਲ ਸੇਫਟੀ ਆਡਿਟ

ਲੁਧਿਆਣਾ (ਵਿੱਕੀ) - ਪੰਜਾਬ ਦੇ ਸਕੂਲਾਂ ਵਿਚ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਵੱਲੋਂ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲ ਇਮਾਰਤਾਂ ਦੀ ਸੇਫਟੀ ਆਡਿਟ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਤਹਿਤ ਡਾਇਰੈਕਟਰ ਸਕੂਲ ਸਿੱਖਿਆ (ਸੈ.ਸੀ.) , ਪੰਜਾਬ ਵੱਲੋਂ ਰਾਜ ਦੇ ਸਾਰੇ ਜ਼ਿਲਾ ਸਿੱਖਿਆ ਅਫਸਰਾਂ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਜਾਰੀ ਨਿਰਦੇਸ਼ਾਂ ਦੇ ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਸਕੂਲ ਦੀ ਇਮਾਰਤਾਂ ਦੀ ਅਸੈੱਸਮੈਂਟ ਕਰਵਾਈ ਜਾਵੇਗੀ। ਸਕੂਲ ਦਾ ਜੋ ਹਿੱਸਾ ਖਸਤਾ ਹਾਲਤ ਵਿਚ ਹੋਵੇਗਾ ਜਾਂ ਵਰਤੋਂਯੋਗ ਨਹੀਂ ਹੋਵੇਗਾ, ਦਾ ਸੇਫਟੀ ਆਡਿਟ ‘ਨੈਸ਼ਨਲ ਸੇਫਟੀ ਕੋਡ’ ਤੇ ‘ਡਿਜ਼ਾਸਟਰ ਮੈਨੇਜਮੈਂਟ ਗਾਈਡਲਾਈਨਜ਼ ’ ਮੁਤਾਬਕ ਕਰਵਾਇਆ ਜਾਣਾ ਲਾਜ਼ਮੀ ਹੈ।

ਵਿਭਾਗ ਨੇ ਸਾਫ ਕੀਤਾ ਕਿ ਜੇਕਰ ਸਕੂਲ ਦੀ ਇਮਾਰਤ ਦਾ ਕੋਈ ਹਿੱਸਾ ਅਣਸੁਰੱਖਿਅਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਡੈਮੋਲਿਸ਼ ਕਰਨ ਲਈ ਵਿਭਾਗੀ ਨਿਯਮਾਂ ਤਹਿਤ ਤੁਰੰਤ ਕਾਰਵਾਈ ਕੀਤੀ ਜਾਵੇ। ਸਾਰੇ ਸਕੂਲ ਮੁਖੀ ਇਹ ਪੂਰੀ ਤਰ੍ਹਾਂ ਯਕੀਨੀ ਬਣਾਉਣਗੇ ਕਿ ਕੋਈ ਵੀ ਵਿਦਿਆਰਥੀ ਜਾਂ ਸਟਾਫ ਮੈਂਬਰ ਅਜਿਹੇ ਅਣਸੁਰੱਖਿਅਤ ਕਮਰਿਆਂ ਵਿਚ ਬਿਲਕੁਲ ਨਾ ਬੈਠੇ।

ਇਸ ਦੇ ਨਾਲ ਹੀ ਜ਼ਿਲਾ ਸਿੱਖਿਆ ਅਫਸਰਾਂ ਤੇ ਲੋਕਲ ਅਥਾਰਟੀ ਵੱਲੋਂ ਸਮੇਂ ਸਮੇਂ ’ਤੇ ਸਕੂਲਾਂ ਦਾ ਨਿਰੀਖਣ ਕੀਤਾ ਜਾਵੇਗਾ ਤੇ ਅਣਸੁਰੱਖਿਅਤ ਇਮਾਰਤਾਂ ਦੀ ਰਿਪੋਰਟ ਤੁਰੰਤ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

ਟ੍ਰੇਨਿੰਗ ਅਤੇ ਮਾਕ ਡ੍ਰਿਲਸ ’ਤੇ ਰਹੇਗਾ ਜ਼ੋਰ
ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਸਕੂਲ ਸਟਾਫ ਤੇ ਵਿਦਿਆਰਥੀਆਂ ਨੂੰ ਇਵੈਕਿਊਏਸ਼ਨ ਡ੍ਰਿਲਸ, ਫਸਟਏਡ ਤੇ ਸੇਫਟੀ ਪ੍ਰੋਟੋਕੋਲਸ ਸਬੰਧੀ ਟ੍ਰੇਂਡ ਕੀਤਾ ਜਾਵੇਗਾ। ਇਸ ਦੇ ਲਈ ਸਮੇਂ ਸਮੇਂ ’ਤੇ ਲੋਕਲ ਅਥਾਰਟੀਜ਼ ਜਿਵੇਂ ਐੱਨ.ਡੀ.ਐੱਮ.ਏ., ਫਾਇਰ ਸਰਵਿਸ, ਪੁਲਸ ਤੇ ਮੈਡੀਮਲ ਏਜੰਸੀਆਂ ਦੇ ਸਹਿਯੋਗ ਨਾਲ ਸਮੇਂ ਸਮੇਂ ’ਤੇ ਟ੍ਰੇਨਿੰਗ ਤੇ ਮਾਕ ਡ੍ਰਿਲਸ ਕੀਤੀਆਂ ਜਾਣਗੀਆਂ।

ਫਿਜ਼ੀਕਲ ਸੇਫਟੀ ਦੇ ਨਾਲ ਨਾਲ ਵਿਦਿਆਰਥੀਆਂ ਦੀ ਮੈਂਟਲ ਹੈਲਥ ਤੇ ਇਮੋਸ਼ਨਲ ਵੈੱਲ ਬੀਇੰਗ ਦੇ ਲਈ ਕਾਊਂਸਲਿੰਗ ਸਰਵੀਸਿਜ਼ ਤੇ ਪੀਅਰ ਸਪੋਰਟ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸੁਰੱਖਿਆ ਦੀ ਇਸ ਮੁਹਿੰਮ ਵਿਚ ਸਕੂਲ ਮੈਨੇਜਮੈਂਟ ਕਮੇਟੀ, ਪੇਰੇਂਟਸ ਤੇ ਲੋਕਲ ਕਮਿਊਨਿਟੀ ਨੂੰ ਵੀ ਜਾਗਰੂਕ ਕੀਤਾ ਜਾਵੇਗਾ।
 


author

Inder Prajapati

Content Editor

Related News