ਗੁਜਰਾਤ ਤੇ ਯੂ. ਪੀ. ਦੇ ਰਾਜਪਾਲਾਂ ਨੇ ਆਪਣੇ ਸੂਬਿਆਂ ’ਚ ਮੁੱਖ ਮੰਤਰੀਆਂ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ : ਭਗਵੰਤ ਮਾਨ

Wednesday, Mar 01, 2023 - 12:20 PM (IST)

ਗੁਜਰਾਤ ਤੇ ਯੂ. ਪੀ. ਦੇ ਰਾਜਪਾਲਾਂ ਨੇ ਆਪਣੇ ਸੂਬਿਆਂ ’ਚ ਮੁੱਖ ਮੰਤਰੀਆਂ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ : ਭਗਵੰਤ ਮਾਨ

ਜਲੰਧਰ (ਧਵਨ) : ਪੰਜਾਬ ’ਚ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਚੱਲ ਰਹੇ ਟਕਰਾਅ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੂਰੇ ਦੇਸ਼ ’ਚ ਰਾਜ ਭਵਨ ਭਾਜਪਾ ਦੇ ਦਫ਼ਤਰ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਗੁਜਰਾਤ ਤੇ ਉੱਤਰ ਪ੍ਰਦੇਸ਼ ’ਚ ਰਾਜਪਾਲਾਂ ਨੇ ਆਪਣੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ ਹਨ। ਵਰਣਨਯੋਗ ਹੈ ਕਿ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਏ ਕਈ ਨੇਤਾਵਾਂ ’ਤੇ ਸਿੱਧਾ ਵਾਰ ਕਰਦੇ ਹੋਏ ਕਿਹਾ ਸੀ ਕਿ ਇਹ ਨੇਤਾ ਚੰਡੀਗੜ੍ਹ ’ਚ ਅੱਜ ਕੱਲ ਰਾਜ ਭਵਨ ਦੇ ਨੇੜੇ ਵੇਖੇ ਜਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਚਿੱਠੀ ਲਿਖਣ ਲਈ ਰਾਜਪਾਲਾਂ ਕੋਲ ਸਿਰਫ਼ ਤਾਮਿਲਨਾਡੂ ’ਚ ਸਟਾਲਿਨ, ਦਿੱਲੀ ’ਚ ਅਰਵਿੰਦ ਕੇਜਰੀਵਾਲ ਅਤੇ ਪੰਜਾਬ ’ਚ ਉਹ ਰਹਿ ਗਏ ਹਨ। ਹੋਰ ਕਿਸੇ ਵੀ ਸੂਬੇ ’ਚ ਰਾਜਪਾਲ ਵੱਲੋਂ ਮੁੱਖ ਮੰਤਰੀਆਂ ਨੂੰ ਸਿੱਧੀ ਚਿੱਠੀ ਨਹੀਂ ਲਿਖੀ ਜਾਂਦੀ। ਉਨ੍ਹਾਂ ਕਿਹਾ ਕਿ ਕੇਰਲ ਅਤੇ ਤੇਲੰਗਾਨਾ ’ਚ ਵੀ ਰਾਜਪਾਲਾਂ ਵੱਲੋਂ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਬੀੜ ਥਾਣੇ ਲਿਜਾਣ ’ਤੇ ਖੁਦ ਕਿਉਂ ਨਹੀਂ ਰਿਪੋਰਟ ਲਿਖਾਈ : ਬੀਰ ਦਵਿੰਦਰ

ਉਨ੍ਹਾਂ ਕਿਹਾ ਕਿ ਪੰਜਾਬ ’ਚ ਰਾਜਪਾਲ ਕਹਿ ਰਹੇ ਹਨ ਕਿ ਅਸੀਂ ਬਜਟ ਸੈਸ਼ਨ ਚਲਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ ਅਤੇ ਅਸੀਂ ਇਸ ਸਬੰਧੀ ਕਾਨੂੰਨੀ ਸਲਾਹ ਲਵਾਂਗੇ। ਪਤਾ ਨਹੀਂ ਰਾਜਪਾਲ ਕਿਸ ਤਰ੍ਹਾਂ ਦੀ ਕਾਨੂੰਨੀ ਸਲਾਹ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ 3 ਕਰੋੜ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ ਅਤੇ ਇਹ ਲੋਕਾਂ ਦਾ ਨਿਰਾਦਰ ਹੈ। ਰਾਜਪਾਲ ਨੂੰ ਬਜਟ ਸੈਸ਼ਨ ਚਲਾਉਣ ਦੀ ਆਗਿਆ ਵੀ ਦੇਣੀ ਪਵੇਗੀ ਅਤੇ ਰਾਜਪਾਲ ਦਾ ਭਾਸ਼ਣ ਵੀ ਪੜ੍ਹਨਾ ਪਵੇਗਾ। ਉਨ੍ਹਾਂ ਕਿਹਾ ਕਿ ਸਿਰਫ ਗੈਰ-ਭਾਜਪਾ ਸ਼ਾਸਿਤ ਸੂਬਿਆਂ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਇਸ ਬਾਰੇ ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਕਾਨੂੰਨ ਅਨੁਸਾਰ ਕੰਮ ਕਰ ਰਹੀ ਹੈ ਅਤੇ ਕਾਨੂੰਨੀ ਰਸਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਫੈਸਲਾ ਸੰਵਿਧਾਨ ਅਤੇ 3 ਕਰੋੜ ਪੰਜਾਬੀਆਂ ਦੀ ਜਿੱਤ : ‘ਆਪ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News