ਰਾਜਪਾਲ ਬਦਨੌਰ ਐਟ ਹੋਮ ''ਤੇ ਮਿਲੇ ਫੌਜੀ ਜਰਨੈਲਾਂ ਨੂੰ
Friday, Dec 08, 2017 - 07:27 AM (IST)
ਚੰਡੀਗੜ੍ਹ (ਭੁੱਲਰ) - ਪੰਜਾਬ ਸਰਕਾਰ ਵਲੋਂ ਸੈਨਾ ਦੀ ਪੱਛਮੀ ਕਮਾਨ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਭਾਰਤੀ ਸੈਨਾ ਦੇ ਸ਼ਾਨਦਾਰ ਇਤਿਹਾਸ ਦੀ ਪੇਸ਼ਕਾਰੀ ਲਈ ਆਯੋਜਿਤ ਕੀਤੇ ਜਾ ਰਹੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਰਾਜਪਾਲ ਅੱਜ ਰਾਜ ਭਵਨ ਵਿਚ ਫੌਜ ਦੇ ਮੌਜੂਦਾ ਤੇ ਰਿਟਾਇਰਡ ਜਰਨੈਲਾਂ ਨੂੰ ਮਿਲੇ। ਰਾਜਪਾਲ ਦੀ ਫੌਜੀ ਅਫ਼ਸਰਾਂ ਨਾਲ ਇਹ ਮੁਲਾਕਾਤ 'ਐਟ ਹੋਮ' ਪ੍ਰੋਗਰਾਮ ਦੌਰਾਨ ਦੁਪਹਿਰ ਦੇ ਖਾਣੇ 'ਤੇ ਹੋਈ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਤੋਂ ਇਲਾਵਾ ਜੋਧਪੁਰ ਦੇ ਮਹਾਰਾਜ ਗਜ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਇਸ ਪ੍ਰੋਗਰਾਮ ਵਿਚ ਜਨਰਲ ਭੁਪਿੰਦਰ ਸਿੰਘ ਵਲੋਂ ਸੈਨਾ ਬਾਰੇ ਲਿਖੀ ਗਈ ਪੁਸਤਕ 'ਬੋਯੋਨੇਟਿੰਗ ਵਿਦ ਓਪੀਨੀਅਨ' ਦੀ ਘੁੰਡ ਚੁਕਾਈ ਕੀਤੀ ਗਈ। ਹਥਿਆਰਬੰਦ ਸੈਨਾਵਾਂ ਦਾ 69ਵਾਂ ਝੰਡਾ ਦਿਵਸ ਹੋਣ ਕਾਰਨ ਇਸ ਮੌਕੇ ਰਾਜਪਾਲ ਨੇ ਫੌਜੀ ਅਧਿਕਾਰੀਆਂ ਨਾਲ ਚਰਚਾ ਦੌਰਾਨ ਸੈਨਾ ਦੀ ਭੂਮਿਕਾ 'ਤੇ ਗੈਰ ਰਸਮੀ ਗੱਲਬਾਤ ਕੀਤੀ। ਐਟ ਹੋਮ ਵਿਚ ਸੈਨਾ ਦੀ ਪੱਛਮੀ ਕਮਾਂਡ ਦੇ ਚੀਫ਼ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਰਿਟਾਇਰਡ ਲੈਫਟੀਨੈਂਟ ਜਨਰਲ ਟੀ. ਐੱਸ. ਸ਼ੇਰਗਿੱਲ ਤੋਂ ਇਲਾਵਾ ਸਿਵਲ ਤੇ ਪੁਲਸ ਦੇ ਉਚ ਅਧਿਕਾਰੀ ਵੀ ਮੌਜੂਦ ਸਨ।
