ਕੱਚੇ ਮੁਲਾਜ਼ਮਾਂ ਨੂੰ ਜਲਦ ਪੱਕਾ ਕਰੇਗੀ ਕੈਪਟਨ ਸਰਕਾਰ : ਰਾਵਤ
Monday, Sep 06, 2021 - 01:28 PM (IST)
ਮੋਹਾਲੀ (ਨਿਆਮੀਆਂ) : ਪਿਛਲੇ ਦਿਨੀਂ ਪੰਜਾਬ ਦੇ ਕੱਚੇ ਮੁਲਾਜ਼ਮਾਂ ਵੱਲੋਂ ਕਾਂਗਰਸ ਦੇ ਦਿੱਲੀ ਦਰਬਾਰ ਵਿਖੇ ਆਵਾਜ਼ ਬੁਲੰਦ ਕੀਤੀ ਗਈ ਸੀ। ਪੰਜਾਬ ਵਿਚ ਕਾਂਗਰਸ ਪਾਰਟੀ ਦੇ ਸਿਆਸੀ ਘਮਾਸਾਨ ਕਾਰਨ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਵੱਲੋਂ ਗੱਲ ਨਾ ਸੁਣੇ ਜਾਣ ਕਾਰਨ ਕੱਚੇ ਮੁਲਾਜ਼ਮਾਂ ਨੂੰ ਮਜ਼ਬੂਰਨ ਦਿੱਲੀ ਕਾਂਗਰਸ ਹਾਈਕਮਾਨ ਵੱਲ ਰੁਖ ਕਰਨਾ ਪਿਆ ਸੀ। ਕਾਂਗਰਸ ਹਾਈਕਮਾਨ ਨਾਲ ਗੱਲਬਾਤ ਤੋਂ ਬਾਅਦ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਡਿਊਟੀ ਲਾਈ ਗਈ। ਦਿੱਲੀ ਹਾਈਕਮਾਨ ਦੇ ਨਾਲ ਮੀਟਿੰਗ ਕਰ ਕੇ ਪਰਤੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੀ ਮੀਟਿੰਗ ਹਰੀਸ਼ ਰਾਵਤ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਚ ਹੋਈ, ਜਿਸ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਰੀਸ਼ ਰਾਵਤ ਵੱਲੋਂ ਧਿਆਨ ਨਾਲ ਸੁਣਿਆ ਗਿਆ ਅਤੇ ਚਿੰਤਾ ਪ੍ਰਗਟਾਈ ਕਿ ਆਖ਼ਿਰ ਕੈਪਟਨ ਸਰਕਾਰ ਨੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਇੰਨਾ ਜ਼ਿਆਦਾ ਲਮਕਾਇਆ ਕਿਉਂ, ਜਦੋਂਕਿ ਕਾਂਗਰਸ ਤਾਂ 2017 ਦੀਆਂ ਚੋਣਾਂ ਵਿਚ ਵਾਅਦਾ ਕਰ ਕੇ ਆਈ ਸੀ ਕਿ ਸਰਕਾਰ ਬਣਦਿਆਂ ਸਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਰਾਵਤ ਨੇ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹ ਤੁਰੰਤ ਗੱਲਬਾਤ ਕਰਨਗੇ ਅਤੇ ਜਲਦੀ ਹੀ ਰੈਗੂਲਰ ਕਰਨ ਦਾ ਮਸਲਾ ਹੱਲ ਕਰਵਾਉਣਗੇ। ਰਾਵਤ ਨੇ ਦਾਅਵਾ ਕੀਤਾ ਕਿ ਜਲਦ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਜੋ ਵੀ ਕਮੀਆਂ ਕਾਂਗਰਸ ਵਿਚ ਮੁਲਾਜ਼ਮਾਂ ਪ੍ਰਤੀ ਰਹੀਆਂ ਹਨ, ਨੂੰ ਵੀ ਛੇਤੀ ਦੂਰ ਕਰ ਕੇ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਕਾਂਗਰਸ ਅਤੇ ‘ਆਪ’ ਕਿਸਾਨਾਂ ਦੇ ਮੋਢੇ ’ਤੇ ਬੰਦੂਕ ਰੱਖ ਕੇ ਰਾਜਸੀ ਰੋਟੀਆਂ ਸੇਕ ਰਹੀਆਂ : ਚੰਦੂਮਾਜਰਾ
ਹਰੀਸ਼ ਰਾਵਤ ਦੇ ਨਾਲ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਅਸ਼ੀਸ਼ ਜੁਲਾਹਾ, ਅਵਤਾਰ ਸਿੰਘ, ਪ੍ਰਵੀਨ ਸ਼ਰਮਾ ਅਤੇ ਰਜਿੰਦਰ ਸਿੰਘ ਸੰਧਾ ਨੇ ਦੱਸਿਆ ਕਿ 2017 ਦੌਰਾਨ ਚੋਣਾਂ ਤੋਂ ਪਹਿਲਾਂ ਪੂਰੀ ਕਾਂਗਰਸ ਪਾਰਟੀ ਸਮੇਤ ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ ਕੱਚੇ ਮੁਲਾਜ਼ਮਾਂ ਨੂੰ ਆਪ ਬੁਲਾ ਕੇ ਮੀਟਿੰਗਾਂ ਕਰ ਰਹੇ ਸਨ ਅਤੇ ਵਿਸ਼ਵਾਸ ਦੁਆ ਰਹੇ ਸਨ ਕਿ ਜੋ ਅਕਾਲੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕਰ ਕੇ ਧੋਖਾ ਕੀਤਾ ਹੈ, ਉਹ ਕਾਂਗਰਸ ਦੇ ਸੱਤਾ ਵਿਚ ਆਉਣ ’ਤੇ ਨਹੀਂ ਦੁਹਰਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਮਸਲਾ ਹੱਲ ਨਾ ਕੀਤਾ ਤਾਂ ਮੁਲਾਜ਼ਮ ਵੱਡੇ ਸੰਘਰਸ਼ ਅਤੇ ਹੜਤਾਲ ਵੱਲ ਵਧਣ ਨੂੰ ਮਜ਼ਬੂਰ ਹੋਣਗੇ।
ਇਹ ਵੀ ਪੜ੍ਹੋ : ਕੈਪਟਨ ਨੇ ਅਗਲੀ ਰਣਨੀਤੀ ਅਧੀਨ ਹੁਣ ਚੋਣ ਸਰਗਰਮੀਆਂ ਸ਼ੁਰੂ ਕਰਨ ਦੇ ਦਿੱਤੇ ਸੰਕੇਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ