ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰੇਗੀ ਸਰਕਾਰ : ਅਮਰਿੰਦਰ

Monday, Sep 04, 2017 - 06:29 AM (IST)

ਜਲੰਧਰ  (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਵਿਚ ਕਾਂਗਰਸ ਸਰਕਾਰ ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰੇਗੀ ਕਿਉਂਕਿ ਸਰਕਾਰ ਦਾ ਏਜੰਡਾ ਪੰਜਾਬ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਡਰੱਗ ਮਾਫੀਆ ਦਾ ਸੰਬੰਧ ਹੈ, ਉਸ ਦਾ ਲੱਕ ਤੋੜਿਆ ਜਾ ਚੁੱਕਾ ਹੈ। ਸੂਬੇ 'ਚ ਕਾਂਗਰਸ ਸਰਕਾਰ ਬਣਦੇ ਸਾਰ ਹੀ ਅਸੀਂ ਵਿਸ਼ੇਸ਼ ਟਾਸਕ ਫੋਰਸ ਬਣਾਈ ਸੀ, ਜਿਸਨੇ ਨਸ਼ਿਆਂ ਵਿਰੁੱਧ ਜੰਗ ਛੇੜੀ ਹੋਈ ਹੈ। ਸਰਕਾਰ ਨੇ ਐੱਸ. ਟੀ. ਐੱਫ. ਨੂੰ ਨਸ਼ਿਆਂ 'ਤੇ ਰੋਕ ਲਾਉਣ ਲਈ ਉਸ ਨੂੰ ਖੁੱਲ੍ਹ ਦਿੱਤੀ ਹੋਈ ਹੈ ਅਤੇ ਉਸ ਨੇ ਨਸ਼ਾ ਸਮੱਗਲਰਾਂ ਅਤੇ ਡੀਲਰਾਂ ਦਾ ਨੈੱਟਵਰਕ ਤੋੜ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੈਂ ਚੋਣ ਰੈਲੀਆਂ ਦੌਰਾਨ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਕਾਂਗਰਸ ਸਰਕਾਰ ਬਣੀ ਤਾਂ ਉਹ ਸਿਆਸੀ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰੇਗੀ ਪਰ ਨਾਲ ਹੀ ਜੇਕਰ ਕੋਈ ਕਿਸੇ ਵੀ ਤਰ੍ਹਾਂ ਦੇ ਅਪਰਾਧ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਵੀ ਨਹੀਂ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਡਰੱਗ ਰੈਕੇਟਾਂ ਤੋਂ ਲੈ ਕੇ ਇਨਫੋਰਸਮੈਂਟ ਵਿਭਾਗ ਵਲੋਂ ਪਹਿਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਆਪਣੇ ਵਲੋਂ ਈ. ਡੀ. ਨੂੰ ਪੂਰਨ ਸਹਿਯੋਗ ਦੇ ਰਹੀ ਹੈ।
 ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਸੂਬੇ ਨੂੰ ਉਦਯੋਗਿਕ ਵਿਕਾਸ ਵੱਲ ਲਿਜਾਣਾ ਹੈ ਅਤੇ ਪਿਛਲੇ 6 ਮਹੀਨਿਆਂ ਵਿਚ ਸਰਕਾਰ ਨਿਵੇਸ਼ਕਾਂ ਦਾ ਭਰੋਸਾ ਜਿੱਤਣ ਵਿਚ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਅਕਾਲੀ ਸਰਕਾਰ ਨੇ ਤਾਂ ਪੰਜਾਬ ਨੂੰ ਵਿੱਤੀ ਸੰਕਟ ਵਿਚ ਧੱਕ ਦਿੱਤਾ ਸੀ ਪਰ ਹੁਣ ਅਸੀਂ ਇੰਡਸਟਰੀ ਨੂੰ ਉਤਸ਼ਾਹਿਤ ਕਰਦਿਆਂ ਨਿਵੇਸ਼ ਨੂੰ ਪੰਜਾਬ ਵਿਚ ਆਉਣ ਦਾ ਸੱਦਾ ਦੇ ਰਹੇ ਹਾਂ। ਸਰਕਾਰ ਆਪਣੀ ਨਵੀਂ ਉਦਯੋਗਿਕ ਨੀਤੀ ਨੂੰ ਆਖਰੀ ਰੂਪ ਦੇ ਰਹੀ ਹੈ, ਜਿਸ ਵਿਚ ਉਦਯੋਗਿਕ ਵਿਕਾਸ ਨੂੰ ਲੈ ਕੇ ਰੈਗੂਲੇਟਰੀਆਂ ਨੂੰ ਸਰਲ ਬਣਾਇਆ ਜਾਵੇਗਾ। ਸਰਕਾਰ ਵਲੋਂ ਨਵੇਂ ਅਤੇ ਮੌਜੂਦਾ ਦੋਹਾਂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਦਯੋਗਿਕ ਖੇਤਰ ਵਿਚ ਮੁੱਢਲੇ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪੰਜਾਬ ਉਦਯੋਗਿਕ ਤੌਰ 'ਤੇ ਅੱਗੇ ਵਧਣਾ ਸ਼ੁਰੂ ਹੋਵੇਗਾ, ਉਦੋਂ ਹੀ ਨੌਜਵਾਨਾਂ ਲਈ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣੇ ਸ਼ੁਰੂ ਹੋ ਜਾਣਗੇ। ਸਾਰੇ ਜ਼ਿਲਿਆਂ ਵਿਚ ਰੋਜ਼ਗਾਰ ਬਿਊਰੋ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਰੁਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਨਾਲ ਉਹ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਹਨ ਅਤੇ ਕਿਸੇ ਨੇ ਵੀ ਅਫਸਰਸ਼ਾਹੀ ਉਪਰ ਕੋਈ ਉਂਗਲੀ ਨਹੀਂ ਉਠਾਈ ਹੈ। ਅਫਸਰਸ਼ਾਹੀ ਨੂੰ ਵੀ ਕਿਹਾ ਗਿਆ ਹੈ ਕਿ ਉਹ ਵਿਧਾਇਕਾਂ ਨੂੰ ਪੂਰਾ ਸਨਮਾਨ ਦੇਵੇ ਕਿਉਂਕਿ ਵਿਧਾਇਕ ਲੋਕਾਂ ਅਤੇ ਉਨ੍ਹਾਂ ਦੀ ਸਰਕਾਰ ਵਿਚਾਲੇ ਇਕ ਪੁਲ ਦਾ ਕੰਮ ਕਰਦੇ ਹਨ। ਚੁਣੇ ਹੋਏ ਨੁਮਾਇੰਦੇ ਹੋਣ ਕਾਰਨ ਵਿਧਾਇਕ ਲੋਕਾਂ ਪ੍ਰਤੀ ਜਵਾਬਦੇਹ ਹਨ। ਵਿਧਾਇਕਾਂ ਦੀ ਮਹੱਤਤਾ ਨੂੰ ਘੱਟ ਨਹੀਂ ਹੋਣ ਦਿੱਤਾ ਜਾਵੇਗਾ ਪਰ ਨਾਲ ਹੀ ਗੈਰ-ਜ਼ਰੂਰੀ ਅਤੇ ਗਲਤ ਸਿਆਸੀ ਦਖਲ-ਅੰਦਾਜ਼ੀ ਵੀ ਨਹੀਂ ਚੱਲੇਗੀ।
ਰਾਣਾ ਗੁਰਜੀਤ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਜਾਂਚ ਕਮਿਸ਼ਨ ਆਪਣੀ ਰਿਪੋਰਟ ਦੇ ਚੁੱਕਾ ਹੈ, ਜੋ ਮੁੱਖ ਸਕੱਤਰ ਨੂੰ ਅਧਿਐਨ ਲਈ ਭੇਜੀ ਜਾ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਸੀ ਸੰਬੰਧਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨਾਲ ਵੀ ਚੰਗੇ ਸੰਬੰਧ ਸਨ। ਮੈਂ ਉਸ ਸਮੇਂ ਵੀ ਕੇਂਦਰ ਸਰਕਾਰ ਨਾਲ ਕੰਮ ਕੀਤਾ ਸੀ। ਹੁਣ ਵੀ ਪ੍ਰਧਾਨ ਮੰਤਰੀ ਮੋਦੀ ਨਾਲ ਸਾਡੇ ਚੰਗੇ ਸੰਬੰਧ ਹਨ। ਕੇਂਦਰ ਅਤੇ ਰਾਜਾਂ ਦੇ ਸੰਬੰਧਾਂ 'ਤੇ ਹੀ ਦੇਸ਼ ਅਤੇ ਸੂਬੇ ਦਾ ਵਿਕਾਸ ਨਿਰਭਰ ਕਰਦਾ ਹੈ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਾਮਲੇ ਵਿਚ ਹਰਿਆਣਾ ਵਿਚ ਫੈਲੀ ਹਿੰਸਾ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੂੰ ਅਦਾਲਤੀ ਫੈਸਲੇ ਤੋਂ ਪਹਿਲਾਂ ਪੰਚਕੂਲਾ ਵਿਚ ਸਮਰਥਕਾਂ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਸੀ। ਪੰਚਕੂਲਾ ਵਿਚ ਵੱਡੀ ਗਿਣਤੀ 'ਚ ਡੇਰਾ ਪ੍ਰੇਮੀਆਂ ਦੇ ਇਕੱਠੇ ਹੋਣ ਕਾਰਨ ਕਾਨੂੰਨ-ਵਿਵਸਥਾ ਦੀ ਸਥਿਤੀ ਵਿਚ ਖਰਾਬੀ ਪੈਦਾ ਹੋਣਾ ਸੁਭਾਵਿਕ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਹਮੇਸ਼ਾ ਸਿਆਸਤ ਵਿਚ ਧਰਮ ਨੂੰ ਮਿਲਾ ਕੇ ਚੱਲਦੇ ਰਹੇ ਹਨ। ਅਕਾਲੀ ਦਲ ਨੇ ਹਮੇਸ਼ਾ ਧਰਮ ਦੀ ਦੁਰਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲੇ 6 ਮਹੀਨਿਆਂ ਅੰਦਰ ਉਨ੍ਹਾਂ ਦੀ ਸਰਕਾਰ ਨੇ ਟਰਾਂਸਪੋਰਟ ਅਤੇ ਰੇਤ ਮਾਫੀਆ 'ਤੇ ਲਗਾਮ ਕੱਸੀ ਹੈ ਅਤੇ ਵੀ. ਆਈ. ਪੀ. ਕਲਚਰ ਨੂੰ ਖਤਮ ਕਰ ਦਿੱਤਾ ਗਿਆ ਹੈ।


Related News