ਸਰਕਾਰ ਵੱਲੋਂ ਅਲਾਣੇ ਰਾਹਤ ਪੈਕੇਜ ''ਚੋਂ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਨੂੰ ਧੇਲਾ ਨਹੀਂ ਮਿਲੇਗਾ

Tuesday, May 26, 2020 - 12:33 AM (IST)

ਸਰਕਾਰ ਵੱਲੋਂ ਅਲਾਣੇ ਰਾਹਤ ਪੈਕੇਜ ''ਚੋਂ ਬੈਂਕਾਂ ਦੇ ਡਿਫਾਲਟਰ ਕਿਸਾਨਾਂ ਨੂੰ ਧੇਲਾ ਨਹੀਂ ਮਿਲੇਗਾ

ਚੰਡੀਗੜ੍ਹ, (ਟੱਕਰ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਮਹਾਮਾਰੀ ਕਾਰਨ ਹਰੇਕ ਵਰਗ ਨੂੰ ਆਰਥਿਕ ਸਹਾਇਤਾ ਦੇਣ ਲਈ 20 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ ਹੈ ਜਿਸ 'ਚ ਦੇਸ਼ ਦੇ ਕਰੋੜਾਂ ਕਿਸਾਨ ਜੋ ਬੈਂਕਾਂ ਦੇ ਪਹਿਲਾਂ ਡਿਫਾਲਟਰ ਹਨ ਉਨ੍ਹਾਂ ਨੂੰ ਧੇਲਾ ਨਹੀਂ ਮਿਲੇਗਾ ਜਦਕਿ ਕਰਜ਼ਾ ਸਹੀ ਢੰਗ ਨਾਲ ਮੋੜਨ ਵਾਲੇ ਕਿਸਾਨਾਂ ਨੂੰ ਵੀ ਕੋਈ ਜ਼ਿਆਦਾ ਰਾਹਤ ਨਹੀਂ।
ਕੇਂਦਰ ਸਰਕਾਰ ਵਲੋਂ ਜੋ ਬੈਂਕਾਂ ਨੂੰ ਕੋਰੋਨਾ ਮਹਾਮਾਰੀ ਦੇ ਆਰਥਿਕ ਪੈਕੇਜ 'ਚੋਂ ਕਿਸਾਨਾਂ ਦੀ ਵਿੱਤੀ ਹਾਲਤ ਨੂੰ ਮਜ਼ਬੂਤ ਕਰਨ ਲਈ ਜੋ ਦਿਸ਼ਾ-ਨਿਰਦੇਸ਼ ਆਏ ਹਨ, ਉਸ 'ਚ ਸਪੱਸ਼ਟ ਹੈ ਕਿ ਜਿਹੜੇ ਕਿਸਾਨਾਂ ਨੇ ਪਹਿਲਾਂ ਕਰਜ਼ਾ ਨਹੀਂ ਮੋੜਿਆ ਅਤੇ ਡਿਫਾਲਟਰ ਐਲਾਨ ਕੀਤੇ ਹਨ, ਉਨ੍ਹਾਂ ਨੂੰ ਇਸ ਪੈਕੇਜ ਤਹਿਤ ਹੋਰ ਕਰਜ਼ਾ ਨਹੀਂ ਦਿੱਤਾ ਜਾਵੇਗਾ। ਦੂਸਰੇ ਪਾਸੇ ਪੰਜਾਬ ਦੇ ਹਾਲਾਤ ਇਹ ਹਨ ਕਿ ਸੂਬੇ ਦੇ 60 ਫੀਸਦੀ ਤੋਂ ਵੱਧ ਕਿਸਾਨਾਂ ਦੀਆਂ ਬੈਂਕਾਂ ਦੇ ਕਰਜ਼ੇ ਕਾਰਨ ਸਾਰੀਆਂ ਜ਼ਮੀਨਾਂ ਬੈਂਕਾਂ ਕੋਲ ਗਿਰਵੀ ਪਈਆਂ ਹਨ ਅਤੇ ਖੇਤੀ ਘਾਟੇ ਵਾਲਾ ਧੰਦਾ ਹੋਣ ਕਾਰਨ ਉਹ ਇਹ ਕਰਜ਼ਾ ਨਾ ਮੋੜਨ ਕਾਰਨ ਡਿਫਾਲਟਰ ਸੂਚੀ ਵਿਚ ਸ਼ਾਮਲ ਹਨ, ਜਿਸ ਲਈ ਅਜਿਹੇ ਕਿਸਾਨਾਂ ਨੂੰ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ 'ਚੋਂ ਕੁੱਝ ਮਿਲਣਾ ਨਾ ਪੂਰਾ ਹੋਣ ਵਾਲਾ ਸੁਪਨਾ ਹੈ।
ਦੂਜੇ ਪਾਸੇ ਪੰਜਾਬ ਦੇ 95 ਫੀਸਦੀ ਕਿਸਾਨ ਅਜਿਹੇ ਹਨ ਜੋ ਸਹਿਕਾਰੀ ਬੈਂਕਾਂ ਤੇ ਖੇਤੀਬਾੜੀ ਸਭਾਵਾਂ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੇ ਆਪਣੀ ਫਸਲ ਲਈ ਕਰਜ਼ਾ ਚੁੱਕਿਆ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਦੇ ਕਿਸੇ ਵੀ ਸਹਿਕਾਰੀ ਬੈਂਕ ਜਾਂ ਖੇਤੀਬਾੜੀ ਸਭਾ ਕੋਲ ਕੋਈ ਨਿਰਦੇਸ਼ ਨਹੀਂ ਆਏ ।

ਮੋਦੀ ਨੂੰ ਦੇਸ਼ ਦੇ ਕਿਸਾਨਾਂ ਦੀ ਨਹੀਂ ਬਲਕਿ ਸ਼ਰਮਾਏਦਾਰਾਂ ਦੀ ਫਿਕਰ: ਬਿੱਟੂ
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਭ ਤੋਂ ਵੱਡਾ ਆਰਥਿਕ ਨੁਕਸਾਨ ਗਰੀਬ, ਮੱਧ ਵਰਗੀ ਤੇ ਕਿਸਾਨੀ ਦੇ ਹੋਇਆ ਹੈ ਪਰ ਕੇਂਦਰ ਵਲੋਂ ਐਲਾਨਿਆ 20 ਲੱਖ ਕਰੋੜ ਰੁਪਏ ਦਾ ਪੈਕੇਜ ਸਿਰਫ ਸਰਮਾਏਦਾਰਾਂ ਲਈ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀ ਨਹੀਂ ਸਗੋਂ ਸ਼ਰਮਾਏਦਾਰਾਂ ਦੀ ਫਿਕਰ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕ ਅਜੇ ਤੱਕ ਬੈਂਕਾਂ 'ਚ 'ਜਨ ਧਨ ਯੋਜਨਾ' ਤਹਿਤ ਖਾਤੇ ਖੁੱਲ੍ਹਵਾ ਕੇ ਮੋਦੀ ਵਲੋਂ ਐਲਾਨੇ 15 ਲੱਖ ਰੁਪਏ ਨੂੰ ਉਡੀਕ ਰਹੇ ਹਨ, ਜਿਸ ਤਰ੍ਹਾਂ 15 ਲੱਖ ਰੁਪਏ ਜੁਮਲਾ ਸਾਬਿਤ ਹੋਇਆ ਹੈ ਉਸੇ ਤਰ੍ਹਾਂ 20 ਲੱਖ ਕਰੋੜ ਰੁਪਏ ਦਾ ਪੈਕੇਜ ਵੀ ਗਰੀਬਾਂ ਤੇ ਕਿਸਾਨਾਂ ਲਈ ਇੱਕ ਜੁਮਲਾ ਹੈ ਜਿੱਥੋਂ ਉਨ੍ਹਾਂ ਨੂੰ ਕੁੱਝ ਨਹੀਂ ਮਿਲਣਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਹਨ ਅਤੇ ਅੱਜ ਉਸਦੇ ਹਾਲਾਤ ਇਹ ਹਨ ਕਿ ਉਹ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ, ਇਸ ਲਈ ਜੇਕਰ ਕੇਂਦਰ ਸਰਕਾਰ ਕਿਸਾਨਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਸਾਰਾ ਕਰਜ਼ਾ ਮੁਆਫ਼ ਕਰੇ।


author

Bharat Thapa

Content Editor

Related News