ਸ਼ਰੇਆਮ ਪ੍ਰਾਈਵੇਟ ਗੋਦਾਮ ''ਚ ਉਤਾਰੀ ਜਾ ਰਹੀ ਸਰਕਾਰੀ ਕਣਕ ਜ਼ਬਤ
Monday, Aug 21, 2017 - 05:50 AM (IST)

ਅੰਮ੍ਰਿਤਸਰ, (ਨੀਰਜ)- ਵਾਰਡ-16 ਦੇ ਇਲਾਕੇ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੰਨਗੜ੍ਹ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਗੋਦਾਮ ਵਿਚ ਵਾਰਡ ਦੇ ਹੀ ਇਕ ਚੱਕੀ ਮਾਲਕ ਵੱਲੋਂ ਉਤਾਰੀ ਜਾ ਰਹੀ ਸਰਕਾਰੀ ਕਣਕ ਨੂੰ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਰੰਗੀ ਹੱਥੀਂ ਫੜ ਲਿਆ ਅਤੇ ਮੌਕੇ 'ਤੇ ਪੁਲਸ ਪਾਰਟੀ ਵੀ ਆ ਗਈ। ਵਿਭਾਗੀ ਅਧਿਕਾਰੀ ਏ. ਐੱਫ. ਐੱਸ. ਓ. ਸੰਦੀਪ ਸਿੰਘ ਸੈਂਡੀ ਅਤੇ ਵਾਰਡ ਦੇ ਇੰਸਪੈਕਟਰ ਪ੍ਰਭਦੀਪ ਸਿੰਘ ਵੱਲੋਂ ਮੌਕੇ 'ਤੇ ਜਾ ਕੇ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਤੇ ਇਸ ਸਬੰਧੀ ਸੰਬੰਧਿਤ ਪੁਲਸ ਥਾਣੇ ਵਿਚ ਲਿਖਤੀ ਰਿਪੋਰਟ ਦੇ ਦਿੱਤੀ ਗਈ ਹੈ। ਏ. ਸੀ. ਪੀ. ਤੋਂ ਲੈ ਕੇ ਹੋਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਨੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਦੱਸ ਦੇਈਏ ਕਿ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਰਈਆ 'ਚ ਹੋਏ ਕਰੋੜਾਂ ਰੁਪਏ ਦੇ ਕਣਕ ਘਪਲੇ ਦੀ ਜਾਂਚ ਕਰਵਾਈ, ਜਿਸ ਵਿਚ 23 ਦੇ ਕਰੀਬ ਇੰਸਪੈਕਟਰਾਂ ਅਤੇ ਕੁਝ ਏ. ਐੱਫ. ਐੱਸ. ਓਜ਼ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਇਸ ਤੋਂ ਇਲਾਵਾ ਕੁਝ ਇੰਸਪੈਕਟਰਾਂ ਦਾ ਬਾਹਰੀ ਸੂਬਿਆਂ ਵਿਚ ਤਬਾਦਲਾ ਵੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਸੀ ਕਿ ਕਣਕ ਦੀ ਬਲੈਕ ਨੂੰ ਬ੍ਰੇਕ ਲੱਗ ਜਾਵੇਗੀ ਪਰ ਸ਼ਰੇਆਮ ਦਿਨ-ਦਿਹਾੜੇ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣ ਨਾਲ ਵਿਜੀਲੈਂਸ ਸਮੇਤ ਪ੍ਰਬੰਧਕੀ ਅਧਿਕਾਰੀਆਂ ਨੇ ਇਕ ਵਾਰ ਫਿਰ ਤੋਂ ਇਸ ਪਾਸੇ ਫੋਕਸ ਕਰ ਲਿਆ ਹੈ।
ਇਸ ਸਮੇਂ ਨਵੀਂ ਸਰਕਾਰ ਵੱਲੋਂ ਇਸ ਯੋਜਨਾ ਦਾ ਨਾਂ ਵੀ ਆਟਾ-ਦਾਲ ਯੋਜਨਾ ਤੋਂ ਬਦਲ ਕੇ ਸਮਾਰਟ ਆਟਾ-ਦਾਲ ਯੋਜਨਾ ਬਣਾ ਦਿੱਤਾ ਗਿਆ। ਹੁਣ ਵੇਖਣਾ ਇਹ ਹੈ ਕਿ ਪ੍ਰਸ਼ਾਸਨ ਕਣਕ ਦੀ ਬਲੈਕ ਰੋਕਣ ਵਿਚ ਕਿਥੋਂ ਤੱਕ ਸਫਲ ਹੁੰਦਾ ਹੈ।
ਡਿਪੂ ਹੋਲਡਰ ਨੂੰ ਬਣਾਇਆ ਜਾ ਰਿਹਾ ਦੋਸ਼ੀ : ਇਸ ਮਾਮਲੇ ਵਿਚ ਹੈਰਾਨੀਜਨਕ ਪਹਿਲੂ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਇਸ ਮਾਮਲੇ ਵਿਚ ਇਕ ਡਿਪੂ ਹੋਲਡਰ ਨੂੰ ਹੀ ਪੂਰਾ ਦੋਸ਼ੀ ਬਣਾ ਦਿੱਤਾ ਹੈ, ਜਿਸ ਦਾ ਵਿਰੋਧ ਹੋ ਰਿਹਾ ਹੈ। ਆਖ਼ਿਰਕਾਰ ਵਿਭਾਗ ਦੇ ਗੋਦਾਮ 'ਚੋਂ ਸਰਕਾਰੀ ਕਣਕ ਨੂੰ ਕਿਸ ਦੇ ਦਸਤਖਤਾਂ ਤੋਂ ਬਾਅਦ ਕੱਢਿਆ ਗਿਆ ਅਤੇ ਇਹ ਇਕ ਪ੍ਰਾਈਵੇਟ ਗੋਦਾਮ ਵਿਚ ਕਿਵੇਂ ਪਹੁੰਚ ਗਈ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਵਿਭਾਗ ਡਿਪੂ ਹੋਲਡਰ ਨੂੰ ਕਸੂਰਵਾਰ ਦੱਸ ਰਿਹਾ ਹੈ।