ਹੈਰਾਨੀਜਨਕ ! ਸਰਕਾਰੀ ਸਕੂਲ ਦੇ ਬੱਚੇ ਸਕੂਲੋਂ ਕੱਢੇ ਬਾਹਰ, ਐੱਸ. ਡੀ. ਐੱਮ. ਤੱਕ ਪਹੁੰਚਿਆ ਮਾਮਲਾ

Tuesday, Jul 23, 2024 - 06:10 PM (IST)

ਮੋਗਾ (ਕਸ਼ਿਸ਼) : ਬਾਘਾ ਪੁਰਾਣਾ ਦੇ ਕੋਟਕਪੂਰਾ ਰੋਡ 'ਤੇ ਸਥਿਤ ਲੜਕਿਆਂ ਦੇ ਸਰਕਾਰੀ ਸਕੂਲ 'ਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਅਧਿਆਪਕ ਨੇ 100 ਦੇ ਕਰੀਬ ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਭੇਜ ਦਿੱਤਾ ਅਤੇ ਸਕੂਲ ਦਾ ਮੁੱਖ ਗੇਟ ਅੰਦਰੋਂ ਬੰਦ ਕਰ ਦਿੱਤਾ। ਇਹ ਸਾਰੇ ਵਿਦਿਆਰਥੀ +1 ਅਤੇ +2 ਕਲਾਸ ਦੇ ਹਨ। ਸਕੂਲ ਵਿਚੋਂ ਬਾਹਰ ਕੱਢੇ ਗਏ ਵਿਦਿਆਰਥੀਆਂ ਨੇ ਸਕੂਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਕੂਲ ਸਟਾਫ਼ ’ਤੇ ਦੁਰਵਿਵਹਾਰ ਦੇ ਦੋਸ਼ ਵੀ ਲਾਏ। ਸਕੂਲ ਅਧਿਕਾਰੀ ਨੇ ਕੈਮਰੇ ਸਾਹਮਣੇ ਬੋਲਣ ਤੋਂ ਬਚਦੇ ਨਜ਼ਰ ਆਏ। ਸਕੂਲ ਵਿਚ ਮੌਜੂਦ ਸਟਾਫ਼ ਨੇ ਇਸ ਮਾਮਲੇ ’ਤੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਇਸ ਸੰਬੰਧੀ ਜਦੋਂ ਸਕੂਲੋਂ ਬਾਹਰ ਕੱਢੇ ਗਏ ਬੱਚਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਦੇ ਅਧਿਆਪਕ ਨੇ ਸਕੂਲ ਦੇ ਬੈਗ ਅੰਦਰ ਰੱਖ ਕੇ ਸਾਨੂੰ ਬਾਹਰ ਕੱਢ ਦਿੱਤਾ। 

ਇਹ ਵੀ ਪੜ੍ਹੋ : ਹੋਟਲ ਵਿਚ ਸ਼ੱਕੀ ਹਾਲਾਤ 'ਚ ਫੜੇ ਗਏ ਸਕੂਲੀ ਮੁੰਡਾ-ਕੁੜੀ, ਵੀਡੀਓ ਵੀ ਹੋਈ ਵਾਇਰਲ

ਜਾਂਚ ਕਰਨ 'ਤੇ ਪਤਾ ਲੱਗਾ ਕਿ ਇਨ੍ਹਾਂ ਬੱਚਿਆਂ 'ਤੇ ਸਕੂਲ ਦੇ ਪੱਖੇ, ਕੈਮਰੇ ਆਦਿ ਸਮਾਨ ਨੂੰ ਤੋੜਨ ਅਤੇ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਬੱਚਿਆਂ ਦਾ ਕਹਿਣਾ ਹੈ ਕਿ ਭੰਨਤੋੜ ਕੋਈ ਹੋਰ ਕਰਦਾ ਹੈ ਤੇ ਬਦਨਾਮ ਸਾਨੂੰ ਕੀਤਾ ਜਾ ਰਿਹਾ ਹੈ। ਸਾਨੂੰ ਪ੍ਰਤੀ ਬੱਚਾ 100 ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਕਈ ਬੱਚਿਆਂ ਨੇ ਜੁਰਮਾਨਾ ਭਰ ਦਿੱਤਾ। ਸਾਨੂੰ ਸਵੇਰੇ 8 ਵਜੇ ਬਾਹਰ ਕੱਢ ਦਿੱਤਾ ਗਿਆ ਜਦੋਂ ਬੱਚਿਆਂ ਨੇ ਥਾਣੇ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਤਾਂ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ ਗਿਆ। ਫਿਰ ਜਦੋਂ ਵਿਧਾਇਕ ਦੇ ਦਫ਼ਤਰ ਗਏ ਤਾਂ ਕੋਈ ਸਪੱਸ਼ਟ ਹੱਲ ਨਹੀਂ ਨਿਕਲਿਆ। ਇਕ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਸਕੂਲ ਸਟਾਫ਼ 'ਤੇ ਦੋਸ਼ ਲਾਇਆ ਕਿ ਅਧਿਆਪਕ ਉਸ ਨੂੰ ਹੱਥ 'ਤੇ ਬਰੈਸਲੇਟ ਅਤੇ ਸਿਰ 'ਤੇ ਦਮਾਲਾ ਪਾਉਣ ਨਹੀਂ ਦਿੰਦਾ ਅਤੇ ਹਰ ਰੋਜ਼ ਉਸ ਨੂੰ ਰੋਕਿਆ ਜਾਂਦਾ ਹੈ। 

ਇਹ ਵੀ ਪੜ੍ਹੋ : ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ

ਬੱਚਿਆਂ ਵਿਚ ਇਹ ਡਰ ਸੀ ਕਿ ਜੇਕਰ ਅਸੀਂ ਮੀਡੀਆ ਨਾਲ ਗੱਲ ਕੀਤੀ ਤਾਂ ਸਕੂਲ ਵਿੱਚੋਂ ਸਾਡਾ ਨਾਂ ਕੱਟਿਆ ਜਾ ਸਕਦਾ ਹੈ। ਇਹ ਮਾਮਲਾ ਜਦੋਂ ਬਾਘਾ ਪੁਰਾਣਾ ਦੇ ਐੱਸ. ਡੀ. ਐੱਮ ਹਰਕੰਵਲਜੀਤ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲੋਂ ਬਾਹਰ ਕੱਢਣਾ ਸਮੱਸਿਆ ਦਾ ਹੱਲ ਨਹੀਂ ਹੈ। ਇਹ ਬੱਚਿਆਂ ਦੀ ਸੁਰੱਖਿਆ ਦਾ ਮਾਮਲਾ ਹੈ ਜਿਸ ਦੀ ਜਾਂਚ ਕੀਤੀ ਜਾਵੇਗੀ। ਐੱਸਡੀਐੱਮ ਨੇ ਦੱਸਿਆ ਕਿ ਉਨ੍ਹਾਂ ਦੀ ਸਕੂਲ ਦੀ ਮੁੱਖ ਅਧਿਆਪਕਾ ਨਾਲ ਗੱਲ ਹੋਈ ਹੈ, ਉਹ ਅੱਜ ਛੁੱਟੀ ’ਤੇ ਹਨ। ਉਨ੍ਹਾਂ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਜੋ ਵੀ ਤੱਥ ਸਾਹਮਣੇ ਆਉਣਗੇ  ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।  


Gurminder Singh

Content Editor

Related News