ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਵਾਸਤੇ ‘ਦਾਖ਼ਲਾ ਹਫ਼ਤਾ’ ਸ਼ੁਰੂ

Tuesday, Mar 23, 2021 - 03:46 PM (IST)

ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਵਾਸਤੇ ‘ਦਾਖ਼ਲਾ ਹਫ਼ਤਾ’ ਸ਼ੁਰੂ

ਚੰਡੀਗੜ੍ਹ : ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਸਕੂਲ ਸਿੱਖਿਆ ਮਹਿਕਮੇ ਨੇ ‘ਦਾਖ਼ਲਾ ਹਫ਼ਤਾ’ ਸ਼ੁਰੂ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ‘ਦਾਖ਼ਲਾ ਹਫ਼ਤਾ’ ਬੀਤੇ ਦਿਨ ਸ਼ੁਰੂ ਹੋਇਆ ਅਤੇ ਇਹ 27 ਮਾਰਚ ਤੱਕ ਚੱਲੇਗਾ। ਇਸ ਦਾ ਮਕਸਦ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਨ ਲਈ ਪ੍ਰੇਰਿਤ ਕਰਨਾ ਹੈ। ਬੁਲਾਰੇ ਅਨੁਸਾਰ ‘ਦਾਖ਼ਲਾ ਹਫ਼ਤਾ’ ਵਿੱਚ ਅਧਿਆਪਕਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।

ਇਸ ਦੌਰਾਨ ਅਧਿਆਪਕਾਂ ਵੱਲੋਂ ਘਰੋ-ਘਰੀ ਜਾਣ, ਪਿੰਡਾਂ ਵਿੱਚ ਦਾਖ਼ਲਿਆਂ ਬਾਰੇ ਫਲੈਕਸ ਲਾਉਣ, ਸਕੂਲਾਂ ਦੇ ਪੁਰਾਣੇ ਵਿਦਿਆਰੀਆਂ ਤੇ ਪਤਵੰਤੇ ਸੱਜਣਾਂ ਨਾਲ ਮਿਲਣ ਅਤੇ ਆਂਗਣਵਾੜੀ ਵਰਕਰਾਂ ਦੀ ਮਦਦ ਨਾਲ 3 ਤੋਂ 5 ਸਾਲ ਦੇ ਬੱਚਿਆਂ ਨੂੰ ਈ-ਪੰਜਾਬ 'ਤੇ ਰਜਿਸਟਰਡ ਕਰਨ ਦਾ ਪ੍ਰੋਗਰਾਮ ਨਿਰਧਾਰਿਤ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਦੀ ਮੁਹਿੰਮ ਚਲਾਉਣ ਵਾਸਤੇ ਸਕੂਲ ਸਿੱਖਿਆ ਮਹਿਕਮੇ ਵੱਲੋਂ ‘ਇੰਨਰੋਲਮੈਂਟ ਬੂਸਟਰ ਟੀਮਾਂ’ ਦਾ ਗਠਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।

ਇਸ ਮੁਹਿੰਮ ਨੂੰ ਚਲਉਣ ਲਈ ਸਰਕਾਰੀ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਦੇ ਹੋਏ ਪੋਸਟਰ, ਵੀਡੀਓਜ਼, ਸ਼ਾਰਟ ਫਿਲਮਾਂ ਤਿਆਰ ਕਰਵਾ ਕੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿੰਡਾਂ ਅਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ, ਬਜ਼ਾਰਾਂ ਅਤੇ ਸੜਕਾਂ ’ਤੇ ਫਲੈਕਸ ਲਾਉਣ ਅਤੇ ਪੰਚਾਂ-ਸਰਪੰਚਾਂ, ਕੌਂਸਲਰਾਂ ਅਤੇ ਹੋਰ ਪਤਵੰਤਿਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬੁਲਾਰੇ ਅਨੁਸਾਰ ਪਿਛਲੇ ਸੈਸ਼ਨ ਦੌਰਾਨ ਆਰੰਭੀ ‘ਈਚ ਵਨ, ਬਰਿੰਗ ਵਨ’ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ ਸੀ ਅਤੇ ਇਸ ਦੇ ਨਤੀਜੇ ਵੱਜੋਂ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਤੱਕ ਦਾਖ਼ਲਿਆਂ ਵਿੱਚ 15 ਫ਼ੀਸਦੀ ਦਾ ਰਿਕਾਰਡ ਵਾਧਾ ਹੋਇਆ ਸੀ। ਇਸ ਸਾਲ ਵੀ ਪਿਛਲੇ ਸਾਲ ਦਾ ਰਿਕਾਰਡ ਟੁੱਟਣ ਦੀ ਉਮੀਦ ਹੈ।


author

Babita

Content Editor

Related News