ਸਰਕਾਰੀ ਸਕੂਲ ਅਧਿਆਪਕਾਂ ਦੇ ਹੋਏ ਰੂਬਰੂ ਕੈਪਟਨ, ਕਿਹਾ ‘ਸਿੱਖਿਆ ਦੇ ਖੇਤਰ ’ਚ ਮੋਹਰੀ ਸੂਬਾ ਬਣਨਾ ਮਾਣ ਵਾਲੀ ਗੱਲ’

06/11/2021 10:11:24 AM

ਅੰਮ੍ਰਿਤਸਰ (ਨੀਰਜ/ਦਲਜੀਤ) - ਸਿੱਖਿਆ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਦਰਜਾਬੰਦੀ ਅਨੁਸਾਰ ਪੰਜਾਬ ਨੂੰ ਦੇਸ਼ ਦਾ ਸਰਵੋਤਮ ਸੂਬਾ ਐਲਾਨਿਆ ਗਿਆ, ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸੂਬੇ ਦੇ ਸਰਕਾਰੀ ਸਕੂਲ ਅਧਿਆਪਕਾਂ ਨਾਲ ਆਨਲਾਈਨ ਰੂਬਰੂ ਹੋਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਸਮੇਂ ਆਪਣੇ ਸੰਬੋਧਨ ’ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਤਰੀ ਭਾਰਤ ਵਿਚੋਂ ਪਹਿਲੀ ਵਾਰ ਕਿਸੇ ਸੂਬੇ ਦਾ ਸਿੱਖਿਆ ਦੇ ਖੇਤਰ ’ਚ ਦੇਸ਼ ਦਾ ਅੱਵਲ ਦਰਜੇ ਦਾ ਸੂਬਾ ਬਣਨਾ ਪੰਜਾਬੀ, ਪੰਜਾਬ ਤੇ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ।

ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਏ ਵਿਸ਼ੇਸ਼ ਕੇਂਦਰ ਵਿਖੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੀਮਤੀ ਮਨਪ੍ਰੀਤ ਕੌਰ ਈ. ਟੀ. ਟੀ. ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਜਾਣੇ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ’ਚ ਬੱਚਿਆਂ ਦਾ ਇਜ਼ਾਫਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੈਕੰਡਰੀ ਸਕੂਲਾਂ ’ਚ 12.4 ਫੀਸਦੀ ਬੱਚੇ ਵਧੇ ਹਨ ਅਤੇ ਹੁਣ ਕੁੱਲ 122030 ਬੱਚੇ ਸਰਕਾਰੀ ਸੈਕੰਡਰੀ ਸਕੂਲਾਂ ’ਚ ਪੜ੍ਹ ਰਹੇ ਹਨ ਅਤੇ ਇਸੇ ਤਰ੍ਹਾਂ ਪ੍ਰਾਇਮਰੀ ਸਕੂਲਾਂ ’ਚ ਵੀ 9600 ਦੇ ਕਰੀਬ ਬੱਚਿਆਂ ਦਾ ਇਜ਼ਾਫਾ ਦਰਜ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਮਾਰਟ ਸਕੂਲਾਂ ਵਿੱਚ ਬੱਚਿਆਂ ਨੂੰ ਡਿਜੀਟਲ ਸਿੱਖਿਆ ਮੁਹੱਈਆ ਕਰਵਾਈ ਜਾ ਚੁੱਕੀ ਹੈ। ਸਕੂਲਾਂ ਦੇ ਕਮਰਿਆਂ ਨੂੰ ਸਮਾਰਟ ਰੂਮ ਬਣਾ ਕੇ ਉਨ੍ਹਾਂ ਵਿੱਚ ਐੱਲ. ਈ. ਡੀ. ਲਗਾਈਆਂ ਗਈਆਂ ਹਨ ਅਤੇ ਸਾਰੇ ਸਕੂਲਾਂ ’ਚ ਕੰਪਿਊਟਰ ਲੈਬ ਵੀ ਤਿਆਰ ਕੀਤੀਆਂ ਗਈਆਂ ਹਨ।

ਸੂਬਾ ਪੱਧਰੀ ਆਨਲਾਈ ਮੀਟਿੰਗ ਦੌਰਾਨ ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ, ਮਮਤਾ ਦੱਤਾ ਚੇਅਰਮੈਨ ਪੰਜਾਬ ਖਾਦੀ ਬੋਰਡ, ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸੁਸ਼ੀਲ ਕੁਮਾਰ ਤੁਲੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ, ਹਰਭਗਵੰਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਰਣਜੀਤ ਸਿੰਘ ਜ਼ਿਲ੍ਹਾ ਇਨਫਰਮੇਸ਼ਨ ਅਫ਼ਸਰ, ਯੋਗੇਸ਼ ਕੁਮਾਰ ਏ. ਪੀ. ਆਰ. ਓ., ਯਸ਼ਪਾਲ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਸੋਸਲ ਮੀਡੀਆ ਕੁਆਰਡੀਨੇਟਰ, ਰਜਿੰਦਰ ਸਿੰਘ ਏ. ਸੀ. ਐੱਮ. ਹਾਜ਼ਰ ਸਨ।


rajwinder kaur

Content Editor

Related News