ਸਹੂਲਤਾਂ ਤੋਂ ਸੱਖਣਾ ਸਰਕਾਰੀ ਸਕੂਲ ਘੱਲ ਖੁਰਦ, ਅਧਿਆਪਕਾਂ ਦੀ ਘਾਟ ਨਾਲ ਵਿਦਿਆਰਥੀਆਂ ਦਾ ਭਵਿੱਖ ਦਾਅ ''ਤੇ

Friday, Sep 08, 2017 - 11:05 AM (IST)

ਸਹੂਲਤਾਂ ਤੋਂ ਸੱਖਣਾ ਸਰਕਾਰੀ ਸਕੂਲ ਘੱਲ ਖੁਰਦ, ਅਧਿਆਪਕਾਂ ਦੀ ਘਾਟ ਨਾਲ ਵਿਦਿਆਰਥੀਆਂ ਦਾ ਭਵਿੱਖ ਦਾਅ ''ਤੇ


ਘੱਲ ਖੁਰਦ (ਦਲਜੀਤ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ ਕਈ ਸਹੂਲਤਾਂ ਤੋਂ ਸੱਖਣਾ ਹੈ। ਸਕੂਲ 'ਚ ਅਧਿਆਪਕਾਂ ਦੀ ਘਾਟ ਕਾਰਨ ਸਕੂਲ ਦੇ 206 ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ। ਇਸ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਹੈ। ਸਕੂਲ 'ਚ ਕੁਲ 20 ਅਸਾਮੀਆਂ ਹਨ, ਜਿੰਨਾਂ 'ਚਂੋ ਕਰੀਬ 8 ਅਧਿਆਪਕ ਸਕੂਲ ਵਿਚ ਹਾਜ਼ਰ ਹਨ। ਉਨ੍ਹਾਂ ਵਿਚੋਂ ਵੀ ਕਈ ਰਿਟਾਇਰਮੈਂਟ ਦੇ ਨੇੜੇ ਹਨ ਅਤੇ ਕੁਝ ਅਧਿਆਪਕ ਫਿਰੋਜ਼ਪੁਰ ਤੋਂ ਅਉਂਦੇ ਹਨ ਤੇ ਉਹ ਵੀ ਆਪਣੀ ਬਦਲੀ ਆਪਣੇ ਸ਼ਹਿਰ ਕਰਵਾਉਣ ਦੇ ਇਛੁਕ ਹਨ। ਸਕੂਲ ਦੇ ਪ੍ਰਿੰਸੀਪਲ ਗੁਰਚਰਨ ਸਿੰਘ ਖੋਸਾ ਦੀ ਤਰੱਕੀ ਹੋ ਜਾਣ ਕਾਰਨ ਉਨ੍ਹਾਂ ਨੂੰ ਬਠਿੰਡਾ ਸਾਈਡ ਦਾ ਡੀ. ਈ. ਓ. ਪ੍ਰਾਇਮਰੀ ਲਾ ਦਿੱਤਾ ਗਿਆ ਹੈ, ਜਿਸ ਕਾਰਨ ਸਕੂਲ ਪ੍ਰਿੰਸੀਪਾਲ ਤੋਂ ਵੀ ਸੱਖਣਾ ਹੋ ਚੁੱਕਾ ਹੈ। 

ਜੇਕਰ ਸਕੂਲ 'ਚ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਸਕੂਲ ਦੀ ਇਮਾਰਤ ਦੀ ਵੀ ਖਸਤਾ ਹਾਲਤ ਹੈ। ਇਮਾਰਤ ਦੇ ਨੇੜ ਘਾਹ ਫੂਸ ਅਤੇ ਜੰਗਲੀ ਬੂਟੀ ਦਾ ਪਸਾਰ ਹੋ ਚੁੱਕਾ ਹੈ ਤੇ ਸਕੂਲ ਦੇ ਸਟੇਡੀਅਮ ਦਾ ਕੋਈ ਹਾਲ ਹੀ ਨਹੀਂ, ਉਥੇ ਵੀ ਘਾਹ-ਫੂਸ, ਜੰਗਲੀ ਬੂਟੀ, ਭੱਖੜ੍ਹਾ ਆਦਿ ਵੱਡੀ ਮਾਤਰਾ 'ਚ ਉੱਗ ਚੁੱਕਾ ਹੈ, ਜਿਸ ਕਾਰਨ ਉਥੇ ਅਨੇਕਾਂ ਜ਼ਹਿਰੀਲੇ ਜਾਨਵਰਾਂ ਦਾ ਰੈਣ-ਬਸੇਰਾ ਬਣਿਆ ਹੋਇਆ ਹੈ। ਕਿਸੇ ਵੇਲੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਲੱਗਾ ਰਹਿੰਦਾ ਹੈ। ਸਕੂਲ 'ਚ ਪੀਣ ਵਾਲੇ ਸਾਫ ਪਾਣੀ ਦਾ ਵੀ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। 

ਜਦ ਸਕੂਲ ਦੀ ਸਫਾਈ ਵਿਵਸਥਾ ਸਬੰਧੀ ਸਕੂਲ ਦੇ ਲੈਕਚਰਾਰ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਵੱਲੋਂ ਸਫਾਈ ਲਈ ਕੋਈ ਵੀ ਵਿਸ਼ੇਸ਼ ਗ੍ਰਾਂਟ ਨਹੀਂ ਆਉਂਦੀ ਪਰ ਅਸੀਂ ਆਪਣੇ ਤੌਰ 'ਤੇ ਜਿੰਨਾਂ ਕਰ ਸਕਦੇ ਹਾਂ, ਅਸੀਂ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਫਿਰੋਜ਼ਪੁਰ ਵਿਖੇ ਸਕੂਲ ਚੈਕਿੰਗ ਟੀਮ 'ਚ ਲਾ ਦਿੱਤੀ ਗਈ ਹੈ। ਇਸ ਲਈ ਉਹ ਵੀ ਹਰ ਰੋਜ਼ ਸਕੂਲ ਨਹੀਂ ਆ ਸਕਦੇ। ਉਧਰ ਪਤਾ ਲੱਗਾ ਹੈ ਕਿ ਅਧਿਆਪਕਾਂ ਦੀ ਘਾਟ ਕਾਰਨ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਲੈ ਕੇ ਚਿੰਤਿਤ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਇਸ ਸਮੱਸਿਆ ਸਬੰਧੀ ਡੀ. ਈ. ਓ. ਸੈਕੰਡਰੀ ਨੂੰ ਜਾਣੂ ਕਰਵਾਇਆ ਜਾ ਚੁੱਕਾ ਪਰ ਅਜੇ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। 

ਜਲਦ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ : ਡੀ. ਈ. ਓ. 
ਜਦ ਇਸ ਮਾਮਲੇ ਸਬੰਧੀ ਡੀ. ਈ. ਓ. ਸੈਕੰਡਰੀ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਮਾਮਲਾ ਮੇਰੇ ਧਿਆਨ ਵਿਚ ਹੈ। ਅਨੇਕਾਂ ਸਕੂਲਾਂ 'ਚ ਅਧਿਆਪਕਾਂ ਦੀ ਘਾਟ ਹੈ। ਇਸ ਲਈ ਇਹ ਮਾਮਲਾ ਕਾਫੀ ਗੰਭੀਰ ਹੈ ਅਤੇ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਹੈ। ਇਸ ਮਾਮਲੇ ਸਬੰਧੀ ਗੱਲਬਾਤ ਚੱਲ ਰਹੀ ਹੈ ਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ। ਸਰਕਾਰੀ ਸੀਨੀਅਰ ਸਕੂਲ ਘੱਲ ਖੁਰਦ ਦੇ ਇਕ ਲੈਕਚਰਾਰ ਮਲਕੀਤ ਸਿੰਘ ਦੀ ਸੂਬੇ ਦੇ ਸਕੂਲਾਂ ਦੀ ਜਾਂਚਕਰਤਾ ਟੀਮ ਦੇ ਹੁਕਮਾਂ 'ਤੇ ਡਿਊਟੀ ਫਿਰੋਜ਼ਪੁਰ ਵਿਖੇ ਲਾਈ ਗਈ ਸੀ। ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਉਸ ਦੇ ਆਡਰ ਵਾਪਸ ਸਕੂਲ 'ਚ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਪੱਕੇ ਆਡਰ ਕਰ ਦਿੱਤੇ ਜਾਣਗੇ। ਉਹ   ਖੁਦ ਇਸ ਸਕੂਲ ਦਾ ਦੌਰਾ ਕਰਨਗੇ ਅਤੇ ਹਾਲਾਤ ਦਾ ਜਾਇਜ਼ਾ ਲੈਣਗੇ।


Related News