ਸਰਕਾਰੀ ਸਕੂਲ ਦੇ 2 ਅਧਿਆਪਕਾਂ ਨੂੰ ਲੜਕੀ ਨਾਲ ਛੇੜਖਾਨੀ ਪਈ ਮਹਿੰਗੀ
Tuesday, Jul 11, 2017 - 10:45 AM (IST)
ਅੰਮ੍ਰਿਤਸਰ - ਸਰਕਾਰੀ ਮਿਡਲ ਸਕੂਲ ਸਾਰੰਗਦੇਵ ਦੇ ਦੋ ਅਧਿਆਪਕਾਂ ਨੂੰ ਲੜਕੀ ਨਾਲ ਛੇੜਖਾਨੀ ਕਰਨੀ ਮਹਿੰਗੀ ਪੈ ਗਈ ਹੈ। ਸਿੱਖਿਆ ਵਿਭਾਗ ਨੇ ਅਧਿਆਪਕਾਂ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਸਸਪੈਂਡ ਕਰਨ ਦੇ ਹੁਕਮ ਦੇ ਦਿੱਤੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਸਰਕਾਰੀ ਮਿਡਲ ਸਕੂਲ 'ਚ ਤਾਇਨਾਤ ਸਰਵ ਸਿੱਖਿਆ ਅਭਿਆਨ ਦੇ ਤਹਿਤ ਤਾਇਨਾਤ ਗਣਿਤ ਅਧਿਆਪਕ ਪ੍ਰੇਮ ਦਾਸ ਅਤੇ ਏ. ਆਈ. ਈ. ਵਾਲੰਟੀਅਰ ਅਧਿਆਪਕ ਸੋਨੀ ਸਿੰਘ 'ਤੇ ਪਿੰਡ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਨੇ ਦੋਸ਼ ਲਗਾਇਆ ਕਿ ਦੋਹਾਂ ਅਧਿਆਪਕਾਂ ਨੇ ਪਿੰਡ ਦੀ ਲੜਕੀ ਨਾਲ ਛੇੜਖਾਨੀ ਕੀਤੀ ਹੈ। ਇਸ 'ਤੇ ਥਾਣਾ ਅਜਨਾਲਾ 'ਚ ਸ਼ਿਕਾਇਤ ਦਰਜ ਕੀਤੀ ਗਈ। ਥਾਣਾ ਅਜਨਾਲਾ ਨੇ ਦੋਹਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਮਾਮਲਾ ਦਰਜ ਹੋਣ ਤੋਂ ਬਾਅਦ ਦੋਵੇਂ ਮੁਲਜ਼ਮ ਪੁਲਸ ਦੀ ਗ੍ਰਿਫਤ ਤੋਂ ਬਚਣ ਲਈ ਅੰਡਰਗਰਾਊਂਡ ਹੋ ਗਏ ਅਤੇ ਕਾਫੀ ਦਿਨਾਂ ਤੋਂ ਸਕੂਲ ਵੀ ਨਹੀਂ ਆਏ। ਮੁਲਜ਼ਮਾਂ ਦੇ ਖਿਲਾਫ ਜਾਂਚ ਲਈ ਸਿੱਖਿਆ ਵਿਭਾਗ ਨੇ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਕਨਵਲਜੀਤ ਸਿੰਘ ਦੀ ਅਗਵਾਈ 'ਚ ਜਾਂਚ ਟੀਮ ਦਾ ਗਠਨ ਕੀਤਾ। ਜਾਂਚ ਟੀਮ ਦੇ ਸਾਹਮਣੇ ਦੋਵੇਂ ਅਧਿਆਪਕ ਪੇਸ਼ ਨਹੀਂ ਹੋਏ। ਟੀਮ ਨੇ ਦੋਹਾਂ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਸਿੱਖਿਆ ਵਿਭਾਗ ਨੂੰ ਲਿਖ ਦਿੱਤਾ ਗਿਆ ਹੈ। ਡੀ. ਈ. ਓ. ਕਨਵਲਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਦੋਹਾਂ ਅਧਿਆਪਕਾਂ ਨੂੰ ਸਸਪੈਂਡ ਕਰਨ ਲਈ ਕਿਹਾ ਗਿਆ ਹੈ। ਕਾਫੀ ਦਿਨਾਂ ਤੋਂ ਬਿਨਾ ਸੂਚਨਾ ਦੇ ਅਧਿਆਪਕ ਆਪਣੀ ਡਿਊਟੀ 'ਤੇ ਸਕੂਲ ਵੀ ਨਹੀਂ ਆ ਰਹੇ ਹਨ। ਮੁੱਢਲੀ ਜਾਂਚ 'ਚ ਵੀ ਦੋਵੇਂ ਅਧਿਆਪਕ ਸ਼ਾਮਲ ਨਹੀਂ ਹੋਏ ਹਨ। ਸ਼ਿਕਾਇਤਕਰਤਾ ਅਤੇ ਐੱਫ. ਆਈ. ਆਰ. ਦੇ ਆਧਾਰ 'ਤੇ ਸਖਤ ਕਾਰਵਾਈ ਕਰਨ ਲਈ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਗਿਆ ਹੈ।
