ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਗੁੰਡਾਗਰਦੀ, ਬਾਹਰੋਂ ਆਏ ਨੌਜਵਾਨਾਂ ਨੇ ਵਿਦਿਆਰਥੀਆਂ ਦਾ ਪਾੜਿਆ ਸਿਰ
Monday, Dec 05, 2022 - 04:48 PM (IST)
ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਉਸ ਵੇਲੇ ਗੁੰਡਾਗਰਦੀ ਦੇਖਣ ਨੂੰ ਮਿਲੀ ਜਦੋਂ ਕੁਝ ਬਾਹਰਲੇ ਨੌਜਵਾਨਾਂ ਨੇ ਆ ਕੇ ਸਕੂਲ ਅੰਦਰ ਇਕ ਨਾਬਾਲਗ ਵਿਦਿਆਰਥੀ ਅਮਨ ਦੀ ਕੁੱਟਮਾਰ ਕਰਦੇ ਹੋਏ ਉਸਦਾ ਸਿਰ ਪਾੜ ਦਿੱਤਾ ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਵਿਦਿਆਰਥੀਆਂ ਦੇ ਇਮਤਿਹਾਨ ਚੱਲ ਰਹੇ ਸਨ ਅਤੇ ਕਰੀਬ 2 ਵਜੇ ਤੋਂ ਬਾਅਦ ਜਦੋਂ ਪੇਪਰ ਖਤਮ ਹੋਇਆ ਤਾਂ ਕੁਝ ਬਾਹਰੀ ਨੌਜਵਾਨ ਸਕੂਲ ਅੰਦਰ ਦਾਖਲ ਹੋਏ ਜਿਨ੍ਹਾਂ ਨੇ ਖੇਡ ਦੇ ਮੈਦਾਨ ਵਿਚ ਗਿਆਰ੍ਹਵੀਂ ਦੇ ਵਿਦਿਆਰਥੀ ਅਮਨ ਨੂੰ ਘੇਰ ਲਿਆ। ਇਨ੍ਹਾਂ ਨੌਜਵਾਨਾਂ ਨੇ ਸਕੂਲ ਵਿਚ ਸ਼ਰੇਆਮ ਗੁੰਡਾਗਰਦੀ ਦਿਖਾਉਂਦਿਆਂ ਅਮਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਦੇ ਸਿਰ ’ਤੇ ਕਈ ਵਾਰ ਕੀਤੇ ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਸਕੂਲ ਵਿਚ ਖੂਨੀ ਝੜਪ ਹੋਣ ਕਾਰਨ ਅਧਿਆਪਕ ਤੇ ਪ੍ਰਿੰਸੀਪਲ ਵੀ ਇਕੱਠੇ ਹੋ ਗਏ ਪਰ ਇਸ ਦੌਰਾਨ ਇਹ ਕੁੱਟਮਾਰ ਕਰਨ ਵਾਲੇ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਹਾਲਤ ਵਿਚ ਨਾਬਾਲਗ ਵਿਦਿਆਰਥੀ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੇ ਸਿਰ ’ਚ ਡੂੰਘੀ ਸੱਟ ਹੋਣ ਕਾਰਨ ਟਾਂਕੇ ਲਗਾਉਣੇ ਪਏ। ਸਰਕਾਰੀ ਸਕੂਲ ਅੰਦਰ ਅੱਜ ਹੋਈ ਗੁੰਡਾਗਰਦੀ ਕਾਰਨ ਬਾਕੀ ਵਿਦਿਆਰਥੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਦੂਸਰੇ ਪਾਸੇ ਮਾਪੇ ਵੀ ਚਿੰਤੁਤ ਹਨ ਕਿ ਜੇਕਰ ਵਿੱਦਿਆ ਦੇ ਮੰਦਰ ’ਚ ਅਜਿਹੀਆਂ ਗੁੰਡਾਗਰਦੀਆਂ ਸ਼ੁਰੂ ਹੋ ਗਈਆਂ ਤਾਂ ਉਨ੍ਹਾਂ ਦੇ ਬੱਚੇ ਕਿੱਥੇ ਸੁਰੱਖਿਅਤ ਰਹਿਣਗੇ। ਉਧਰ ਸਕੂਲ ਪ੍ਰਿੰਸੀਪਲ ਵਲੋਂ ਵੀ ਇਸ ਖੂਨੀ ਲੜਾਈ ਬਾਰੇ ਮਾਛੀਵਾੜਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹਸਪਤਾਲ ’ਚ ਇਲਾਜ ਅਧੀਨ ਵਿਦਿਆਰਥੀ ਅਮਨ ਸੱਟਾਂ ਲੱਗਣ ਕਾਰਨ ਬੇਹੋਸ਼ੀ ਦੀ ਹਾਲਤ ਵਿਚ ਸੀ ਜਿਸ ਕਾਰਨ ਲੜਾਈ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਉਸਦੇ ਸਾਥੀਆਂ ਨੇ ਦੱਸਿਆ ਕਿ ਅੱਜ ਦੀ ਲੜਾਈ ਵਿਚ ਸਕੂਲ ਦੇ 2 ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਬਾਹਰੋਂ ਨੌਜਵਾਨਾਂ ਨੂੰ ਲਿਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਮਾਛੀਵਾੜ ਪੁਲਸ ਵਲੋਂ ਪ੍ਰਿੰਸੀਪਲ ਦੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਦੂਸਰੇ ਪਾਸੇ ਇਲਾਜ ਅਧੀਨ ਹਸਪਤਾਲ ’ਚ ਪਏ ਅਮਨ ਦੇ ਬਿਆਨ ਤੋਂ ਬਾਅਦ ਗੁੰਡਾਗਰਦੀ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਮਾਛੀਵਾੜਾ ਸਰਕਾਰੀ ਸਕੂਲ ਵਿਚ ਪਹਿਲਾਂ ਵੀ ਵਿਦਿਆਰਥੀਆਂ ਵਿਚਕਾਰ ਲੜਾਈ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਇਸ ਲਈ ਨਾਬਾਲਗ ਵਿਦਿਆਰਥੀਆਂ ਵਿਚਕਾਰ ਹੋਣ ਵਾਲੀਆਂ ਖੂਨੀ ਝੜਪਾਂ ਨੂੰ ਰੋਕਣ ਲਈ ਪੁਲਸ ਤੇ ਸਕੂਲ ਪ੍ਰਬੰਧਕਾਂ ਨੂੰ ਸਖ਼ਤ ਕਦਮ ਉਠਾਉਣ ਦੀ ਲੋੜ ਹੈ।