ਫਿਰੋਜ਼ਪੁਰ ਰੇਂਜ ਦੇ ਆਈ. ਜੀ. ਢਿੱਲੋਂ ਦੀ ਕੋਠੀ 'ਤੇ ਸੀ. ਬੀ. ਆਈ. ਦੀ ਰੇਡ (ਵੀਡੀਓ)

08/18/2018 2:16:43 PM

ਫਿਰੋਜ਼ਪੁਰ (ਕੁਮਾਰ, ਮਨਦੀਪ, ਮਲਹੋਤਰਾ) – ਫਿਰੋਜ਼ਪੁਰ ਛਾਉਣੀ 'ਚ ਬੀਤੀ ਰਾਤ ਸੀ. ਬੀ. ਆਈ. ਦੀ ਇਕ ਟੀਮ ਨੇ ਆਈ. ਜੀ. ਫਿਰੋਜ਼ਪੁਰ ਰੇਂਜ ਜੀ. ਐੱਸ. ਢਿੱਲੋਂ ਦੀ ਕੋਠੀ 'ਤੇ ਰੇਡ ਕੀਤੀ ਅਤੇ ਸੀ. ਬੀ. ਆਈ. ਦੀ ਕਾਰਵਾਈ ਰਾਤ ਭਰ ਚੱਲਦੀ ਰਹੀ। ਪ੍ਰਾਪਤ ਸੂਚਨਾ ਦੇ ਮੁਤਾਬਕ ਰਾਤ ਸਾਢੇ 10 ਵਜੇ ਫਿਰੋਜ਼ਪੁਰ ਪਹੁੰਚੀ ਸੀ. ਬੀ. ਆਈ. ਦੀ ਟੀਮ ਅੱਜ ਸਵੇਰੇ 6 ਵਜੇ ਵਾਪਸ ਗਈ ਹੈ, ਜੋ ਜਾਂਦੇ ਸਮੇਂ ਆਪਣੇ ਨਾਲ ਇਕ ਮਹੱਤਵਪੂਰਨ ਪੰਜਾਬ ਦੇ ਬਹੁ-ਚਰਚਿਤ ਪੁਰਾਣੇ ਐੱਸ. ਐੱਸ. ਪੀ. ਸ਼ਿਵ ਕੁਮਾਰ ਸ਼ਰਮਾ ਆਦਿ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਖੇ ਪਟਵਾਰੀ ਮੋਹਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਇਕ ਅਪਰਾਧਿਕ ਮਾਮਲੇ ਦਾ ਸਾਰਾ ਰਿਕਾਰਡ ਆਪਣੇ ਨਾਲ ਲੈ ਗਈ ਹੈ।

ਸੀ. ਬੀ. ਆਈ. ਦੀ ਟੀਮ ਨੇ ਇਸ ਮਾਮਲੇ ਨੂੰ ਲੈ ਕੇ ਰਾਤ ਭਰ ਆਈ. ਜੀ. ਫਿਰੋਜ਼ਪੁਰ ਰੇਂਜ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਪੁੱਛਗਿੱਛ ਕੀਤੀ। ਸੀ. ਬੀ. ਆਈ. ਦੀ ਇਸ ਰੇਡ ਨੂੰ ਲੈ ਕੇ ਫਿਰੋਜ਼ਪੁਰ ਦੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਰ ਸਰਕਾਰੀ ਤੌਰ 'ਤੇ ਕਿਸੇ ਗੱਲ ਦੀ ਪੁਸ਼ਟੀ ਨਹੀਂ ਹੋ ਰਹੀ।ਯਾਦ ਰਹੇ ਕਿ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਸ਼ਿਵ ਕੁਮਾਰ ਨੇ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਗੁਰਿੰਦਰ ਸਿੰਘ ਅਤੇ ਐੱਸ. ਆਈ. ਟੀ. ਦੇ ਕੁਝ ਹੋਰ ਮੈਂਬਰਾਂ 'ਤੇ ਮੋਟੀ ਰਿਸ਼ਵਤ ਮੰਗਣ ਦੇ ਦੋਸ਼ ਲਾਏ ਹਨ ਅਤੇ ਸੀ. ਬੀ. ਆਈ. ਦੇ ਦਿੱਲੀ ਮੁੱਖ ਦਫਤਰ 'ਚ ਸ਼ਿਕਾਇਤ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।

ਕੀ ਹੈ ਮਾਮਲਾ
ਪਟਵਾਰੀ ਮੋਹਨ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਸਾਬਕਾ ਐੱਸ. ਐੱਸ. ਪੀ. ਸ਼ਿਵ ਕੁਮਾਰ ਸ਼ਰਮਾ ਆਦਿ ਖਿਲਾਫ ਪਟਵਾਰੀ ਨੂੰ ਝੂਠੇ ਵਿਜੀਲੈਂਸ ਕੇਸ 'ਚ ਫਸਾਉਣ, ਉਸ 'ਤੇ ਤੱਸ਼ਦਦ ਕਰਨ, ਕੱਪੜੇ ਉਤਾਰ ਕੇ ਉਸ ਦੀ ਵੀਡੀਓ ਬਣਾਉਣ ਅਤੇ ਜ਼ਲੀਲ ਕਰਨ ਦੇ ਦੋਸ਼ ਤਹਿਤ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ। ਜਿਸ 'ਚ ਡੀ. ਜੀ. ਪੀ. ਪੰਜਾਬ ਵੱਲੋਂ ਸਿਟ ਦਾ ਗਠਨ ਕੀਤਾ ਗਿਆ ਸੀ। ਇਸ 'ਚ ਆਈ. ਜੀ. ਫਿਰੋਜ਼ਪੁਰ ਰੇਂਜ ਅਗਵਾਈ ਕਰ ਰਹੇ ਹਨ ।

ਮੇਰੇ ਵਿਰੁੱਧ ਰਚੀ ਜਾ ਰਹੀ ਹੈ ਝੂਠੀ ਸਾਜ਼ਿਸ਼, ਨਹੀਂ ਜਾਣਦਾ ਅਸ਼ੋਕ ਗੋਇਲ ਨੂੰ : ਢਿੱਲੋਂ
ਸੰਪਰਕ ਕਰਨ 'ਤੇ ਆਈ. ਜੀ. ਫਿਰੋਜ਼ਪੁਰ ਰੇਂਜ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਪੱਖ ਪੇਸ਼ ਕਰਦੇ ਹੋਏ ਸ਼ਿਵ ਕੁਮਾਰ ਸ਼ਰਮਾ ਵਲੋਂ ਲਾਏ ਗਏ ਸਭ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਸ਼ਿਵ ਕੁਮਾਰ ਉਨ੍ਹਾਂ 'ਤੇ ਦਬਾਅ ਪਾਉਣ ਲਈ ਅਜਿਹੀਆਂ ਝੂਠੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਉਹ ਇਹੋ ਜਿਹੀਆਂ ਸਾਜ਼ਿਸ਼ਾਂ ਤੋਂ ਡਰਨ ਵਾਲੇ ਨਹੀਂ ਹਨ। ਥਾਣਾ ਸਦਰ ਫਿਰੋਜ਼ਪੁਰ ਵਿਚ ਸ਼ਿਵ ਕੁਮਾਰ ਅਤੇ ਹੋਰਨਾਂ ਵਿਰੁੱਧ ਦਰਜ ਕੀਤੇ ਗਏ ਕੇਸਾਂ ਦੀ ਉਹ ਸਬੂਤਾਂ ਅਤੇ ਈਮਾਨਦਾਰੀ ਨਾਲ ਪੂਰੀ ਜਾਂਚ ਕਰਨਗੇ।
ਢਿੱਲੋਂ ਨੇ ਕਿਹਾ ਕਿ ਉਹ ਕਿਸੇ ਅਸ਼ੋਕ ਗੋਇਲ ਨੂੰ ਨਹੀਂ ਜਾਣਦੇ। ਜੇ ਉਨ੍ਹਾਂ ਦੇ ਨਾਂ 'ਤੇ ਕੋਈ ਠੱਗ ਕਿਸੇ ਕੋਲੋਂ ਰਿਸ਼ਵਤ ਲੈਂਦਾ ਹੈ ਤਾਂ ਉਸ ਲਈ ਮੈਂ ਜ਼ਿੰਮੇਵਾਰ ਨਹੀਂ। ਢਿੱਲੋਂ ਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਕੋਲੋਂ ਰਿਸ਼ਵਤ ਨਹੀਂ ਮੰਗੀ। ਜੇ ਮੈਂ ਰਿਸ਼ਵਤ ਲਈ ਹੁੰਦੀ ਤਾਂ ਸ਼ਿਵ ਕੁਮਾਰ ਨੇ ਉਸ ਦੀ ਵੀ ਰਿਕਾਰਡਿੰਗ ਜਾਂ ਸਬੂਤ ਸੀ. ਬੀ. ਆਈ. ਨੂੰ ਦੇਣੇ ਸਨ। ਸੀ. ਬੀ. ਆਈ. ਨੇ ਉਨ੍ਹਾਂ ਦੀ ਕੋਠੀ 'ਤੇ ਕੋਈ ਛਾਪਾ ਨਹੀਂ ਮਾਰਿਆ। ਸੀ. ਬੀ. ਆਈ. ਵਾਲੇ ਤਾਂ ਜਾਂਚ ਲਈ ਆਏ ਸਨ। ਉਨ੍ਹਾਂ ਇਸ ਕੇਸ ਸਬੰਧੀ ਜੋ ਵੀ ਰਿਕਾਰਡ ਮੰਗਿਆ,ਉਹ ਮੁਹੱਈਆ ਕਰਵਾ ਦਿੱਤਾ ਗਿਆ ਜਾਂ ਵਿਖਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਾਂਚ ਸੱਚ ਦੇ ਆਧਾਰ 'ਤੇ ਹੋਵੇਗੀ ਅਤੇ ਉਹ ਡਰ ਕੇ ਜਾਂਚ ਨਹੀਂ ਕਰਨਗੇ।


Related News