ਪੰਜਾਬ ਬਜਟ ਨੂੰ ਅੰਤਿਮ ਰੂਪ ਦੇਣ 'ਚ ਲੱਗੀ ਸਰਕਾਰ, ਲੋਕ ਹਿੱਤਾਂ ਵਾਲੇ ਫੈਸਲੇ ਸੰਭਾਵਿਤ

02/12/2020 9:12:58 PM

ਜਲੰਧਰ,(ਧਵਨ) : ਪੰਜਾਬ ਸਰਕਾਰ ਸੂਬੇ ਦੇ ਸਾਲਾਨਾ ਬਜਟ ਨੂੰ ਅੰਤਿਮ ਰੂਪ ਦੇਣ 'ਚ ਲੱਗੀ ਹੋਈ ਹੈ ਅਤੇ ਕਾਂਗਰਸ ਸਰਕਾਰ ਵਲੋਂ ਵਿਧਾਨ ਸਭਾ 'ਚ ਪੇਸ਼ ਕੀਤੇ ਜਾਣ ਵਾਲੇ ਚੌਥੇ ਬਜਟ 'ਚ ਜਨਤਾ ਨਾਲ ਜੁੜੇ ਫੈਸਲੇ ਦੀ ਝਲਕ ਦੇਖਣ ਨੂੰ ਮਿਲੇਗੀ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰੀਖਣ 'ਚ ਵਿੱਤ ਵਿਭਾਗ ਵਲੋਂ ਸੂਬੇ ਦੇ ਬਜਟ ਨੂੰ ਤਿਆਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਬਜਟ ਤੋਂ ਪਹਿਲਾਂ ਹੀ ਕਾਂਗਰਸ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਬੈਠਕਾਂ ਕਰ ਚੁੱਕੇ ਹਨ। ਪੰਜਾਬ ਬਜਟ ਦੀ ਮਹੱਤਤਾ ਇਸ ਵਾਰ ਇਸ ਲਈ ਵੱਧ ਹੈ ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਬਜਟ ਦੇ ਨਾਲ ਬਾਰੀਕੀ ਨਾਲ ਜੁੜੇ ਰਹੇ ਹਨ। ਉਨ੍ਹਾਂ ਨੇ ਗਰੁੱਪਾਂ 'ਚ ਵੱਖ-ਵੱਖ ਇਲਾਕਿਆਂ ਨਾਲ ਸਬੰਧ ਰੱਖਦੇ ਵਿਧਾਇਕਾਂ ਨਾਲ ਵੀ ਨਿੱਜੀ ਤੌਰ 'ਤੇ ਬੈਠਕਾਂ ਕਰ ਕੇ ਬਜਟ ਨਾਲ ਸਬੰਧਿਤ ਉਨ੍ਹਾਂ ਦੇ ਹਲਕਿਆਂ ਨਾਲ ਜੁੜੀਆਂ ਮੰਗਾਂ ਬਾਰੇ ਗੌਰ ਕੀਤਾ ਹੈ। ਮੁੱਖ ਮੰਤਰੀ ਦੇ ਨਜ਼ਦੀਕੀ ਆਗੂਆਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਦਾ ਇਹ ਚੌਥਾ ਬਜਟ ਅਤੇ ਅਗਲਾ ਸਾਲ ਕਿਉਂਕਿ ਚੋਣਾਂ ਵਾਲਾ ਸਾਲ ਹੋਵੇਗਾ, ਇਸ ਲਈ ਕੈਪਟਨ ਸਰਕਾਰ ਵਲੋਂ ਆਪਣਾ ਅੰਤਿਮ ਬਜਟ 2021 'ਚ ਪੇਸ਼ ਕੀਤਾ ਜਾਵੇਗਾ। ਬਜਟ ਨੂੰ ਤਿਆਰ ਕਰਦੇ ਸਮੇਂ ਮੁੱਖ ਮੰਤਰੀ ਵਲੋਂ ਦਿੱਤੇ ਗਏ ਟਿਪਸ ਨੂੰ ਅਧਿਕਾਰੀਆਂ ਨੇ ਨੋਟ ਕਰ ਲਿਆ ਹੈ ਅਤੇ ਉਨ੍ਹਾਂ ਅਨੁਸਾਰ ਬਜਟ 'ਚ ਇਸ ਵਾਰ ਕੁਝ ਮਹੱਤਵਪੂਰਨ ਐਲਾਨ ਕੀਤੇ ਜਾ ਸਕਦੇ ਹਨ। ਬਜਟ ਨੂੰ ਇਸ ਵਾਰ ਪੂਰੀ ਤਰ੍ਹਾਂ ਜਨਤਾ ਨਾਲ ਜੁੜਿਆ ਹੋਇਆ ਤਿਆਰ ਕੀਤਾ ਜਾ ਰਿਹਾ ਹੈ। ਜਨਤਾ ਨਾਲ ਜੁੜੇ ਫੈਸਲਿਆਂ ਦੀ ਵੱਧ ਤੋਂ ਵੱਧ ਝਲਕ ਬਜਟ 'ਚ ਦੇਖਣ ਨੂੰ ਮਿਲੇਗੀ।

ਪੰਜਾਬ ਸਰਕਾਰ ਵਲੋਂ 2020-21 ਦਾ ਬਜਟ 25 ਫਰਵਰੀ ਨੂੰ ਵਿਧਾਨ ਸਭਾ 'ਚ ਪੇਸ਼ ਕੀਤਾ ਜਾਣਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਵਿਧਾਨ ਸਭਾ ਦਾ ਬਜਟ ਸ਼ੈਸ਼ਨ 20 ਤੋਂ 28 ਫਰਵਰੀ ਤੱਕ ਸੱਦਿਆ ਗਿਆ ਹੈ। 25 ਨੂੰ ਬਜਟ ਪੇਸ਼ ਕਰਨ ਦੇ ਬਾਅਦ ਉਸ 'ਤੇ ਵਿਧਾਨ ਸਭਾ ਚਰਚਾ ਹੋਵੇਗੀ ਅਤੇ ਉਸ ਦੇ ਬਾਅਦ ਬਜਟ ਨੂੰ ਪਾਸ ਕਰ ਦਿੱਤਾ ਜਾਵੇਗਾ। ਪੰਜਾਬ ਦੇ ਬਜਟ 'ਤੇ ਇਸ ਵਾਰੀ ਸਾਰੀਆਂ ਸਿਆਸੀ ਪਾਰਟੀ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ। ਕੁਲ ਮਿਲਾ ਕੇ ਬਜਟ ਨੂੰ ਅਗਲੇ ਕੁਝ ਦਿਨਾਂ 'ਚ ਕੈਬਨਿਟ 'ਚ ਵੀ ਪਾਸ ਕਰਵਾਇਆ ਜਾਵੇਗਾ।
 


Related News