ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦੀ ਨਜ਼ਰਸਾਨੀ ਕਰਨਗੇ ਖੁਸ਼ਹਾਲੀ ਦੇ ਰਾਖੇ: ਲੈਫ ਸ਼ੇਰਗਿੱਲ
Tuesday, Apr 17, 2018 - 12:46 PM (IST)
ਰੂਪਨਗਰ (ਵਿਜੇ)— ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਹੋਰ ਵਧੇਰੇ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਯੋਗ ਲੋਕਾਂ ਨੂੰ ਮਿਲਣਾ ਯਕੀਨੀ ਬਣਾਉਣ ਲਈ 'ਖੁਸ਼ਹਾਲੀ ਦੇ ਰਾਖੇ' ਪੰਜਾਬ ਸਰਕਾਰ ਦੇ ਅੱਖ ਅਤੇ ਕੰਨ ਬਣ ਕੇ ਕੰਮ ਕਰਨਗੇ। ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਦੇ ਸੀਨੀਅਰ ਸਲਾਹਕਾਰ ਅਤੇ ਸੀਨੀਅਰ ਵਾਈਸ ਚੇਅਰਮੈਨ ਗਾਰਡੀਅਨ ਆਫ ਗਵਰਨੈੱਸ (ਜੀ.ਓ.ਜੀ) ਅਤੇ ਸੇਵਾਮੁਕਤ ਲੈਫ. ਜਨ. ਟੀ. ਐੱਸ. ਸ਼ੇਰਗਿੱਲ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸਾਬਕਾ ਸੈਨਿਕਾਂ (ਖੁਸ਼ਹਾਲੀ ਦੇ ਰਾਖੇ) ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜੀ. ਓ.ਜੀ. ਦੇ ਵਾਈਸ ਚੇਅਰਮੈਨ ਮੇਜਰ ਜਨਰਲ ਐੱਸ.ਪੀ.ਐੱਸ. ਗਰੇਵਾਲ, ਗੁਰਨੀਤ ਤੇਜ ਡਿਪਟੀ ਕਮਿਸ਼ਨਰ, ਰਾਜਬਚਨ ਸਿੰਘ ਸੰਧੂ ਸੀਨੀਅਰ ਪੁਲਸ ਕਪਤਾਨ, ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਅਮਰਦੀਪ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਮੇਜਰ ਗੁਰਜਿੰਦਰ ਸਿੰਘ ਬੇਨੀਪਾਲ ਜ਼ਿਲਾ ਮਾਲ ਅਫਸਰ, ਮਧੂ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ, ਸੰਤੋਸ਼ ਵਿਰਦੀ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ, ਹਰਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਜਨ ਸਿਹਤ ਵੀ ਹਾਜ਼ਰ ਸਨ।

ਲੈਫ. ਜਨ. ਟੀ. ਐੱਸ. ਸ਼ੇਰਗਿੱਲ ਨੇ ਕਿਹਾ ਕਿ ਸਰਕਾਰੀ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਅਸਰਦਾਰ ਅਤੇ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਬਣਾਈ ਗਈ ਇਹ ਸਕੀਮ ਪਿਛਲੇ ਕੁਝ ਮਹੀਨਿਆਂ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਦਾ ਆਉਂਦੇ ਕੁਝ ਮਹੀਨਿਆਂ 'ਚ ਚੰਗਾ ਅਸਰ ਵੇਖਣ ਨੂੰ ਮਿਲੇਗਾ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲੇ 'ਚ 50 ਸੇਵਾ ਮੁਕਤ ਫੌਜੀਆਂ ਨੂੰ ਖੁਸ਼ਹਾਲੀ ਦਾ ਰਾਖਾ ਬਣਾਇਆ ਗਿਆ ਹੈ। ਤਹਿਸੀਲ ਪੱਧਰ 'ਤੇ ਕੰਮ ਕਰਨ ਵਾਲੇ ਇਹ ਸੇਵਾ ਮੁਕਤ ਫੌਜੀ ਬਿਨਾਂ ਕਿਸੇ ਪੱਖ-ਪਾਤ ਅਤੇ ਧੜੇਬੰਦੀ ਤੋਂ ਉਪਰ ਉੱਠ ਕੇ ਈਮਾਨਦਾਰੀ, ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਲੋੜਵੰਦਾਂ ਦੀ ਸੇਵਾ ਕਰਨਗੇ ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਕਿਤੇ ਵੀ ਦੁਰਵਰਤੋਂ ਨਾ ਹੋਵੇ ਅਤੇ ਇਨ੍ਹਾਂ ਦਾ ਲਾਭ ਸਿਰਫ ਲੋੜਵੰਦਾਂ ਅਤੇ ਸਹੀ ਹੱਥਾਂ 'ਚ ਪੁੱਜੇ।
ਮੀਟਿੰਗ ਦੌਰਾਨ ਲੈਫ. ਜਨ. ਟੀ. ਐੱਸ. ਸ਼ੇਰਗਿੱਲ ਨੇ ਸਮੂਹ ਖੁਸ਼ਹਾਲੀ ਦੇ ਰਾਖਿਆਂ ਨਾਲ ਜਾਣ-ਪਛਾਣ ਵੀ ਕੀਤੀ। ਇਸ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਵੱਲੋਂ ਸਕੱਤਰੇਤ ਕੰਪਲੈਕਸ ਵਿਖੇ ਪਹੁੰਚਣ 'ਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਜੀ. ਓ. ਜੀ. ਦੇ ਵਾਈਸ ਚੇਅਰਮੈਨ ਮੇਜਰ ਜਨਰਲ ਐੱਸ.ਪੀ.ਐੱਸ. ਗਰੇਵਾਲ ਨੇ ਵੀ ਸਾਬਕਾ ਸੈਨਿਕਾਂ ਨੂੰ ਦੱਸਿਆ ਕਿ ਉਹ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਨੂੰ ਯਕੀਨੀ ਬਣਾਉਣ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਲਈ ਕੰਮ ਕਰਨ।
