ਪੰਜਾਬ ਸਰਕਾਰ ਨੇ ਨਹੀਂ ਦਿੱਤਾ ਸਬਸਿਡੀ ਦਾ ਹਿੱਸਾ, ਪਾਵਰਕਾਮ ਗੰਭੀਰ ਵਿੱਤੀ ਸੰਕਟ ''ਚ

12/03/2019 6:50:06 PM

ਚੰਡੀਗੜ੍ਹ/ਪਟਿਆਲਾ, (ਪਰਮੀਤ): ਪੰਜਾਬ ਸਰਕਾਰ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਸਬਸਿਡੀ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ। ਪਾਵਰਕਾਮ ਗੰਭੀਰ ਵਿੱਤੀ ਸੰਕਟ 'ਚ ਹੈ। 'ਜਗ ਬਾਣੀ' ਨੇ 3 ਦਸੰਬਰ ਨੂੰ ਸਬਸਿਡੀ ਨਾ ਦੇਣ ਸਬੰਧੀ ਖਬਰ ਵੀ ਪ੍ਰਕਾਸ਼ਤ ਕੀਤੀ ਸੀ। ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਤੁਰੰਤ ਸਬਸਿਡੀ ਦੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਹੈ। ਪੱਤਰ 'ਚ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਸੰਜੀਵ ਸੂਦ ਤੇ ਜਨਰਲ ਸਕੱਤਰ ਇੰਜੀ. ਦਵਿੰਦਰ ਗੋਇਲ ਨੇ ਦੱਸਿਆ ਕਿ ਹਾਲਾਤ ਇੰਨੇ ਗੰਭੀਰ ਹੋ ਗਏ ਹਨ ਕਿ ਨਵੰਬਰ 2019 ਮਹੀਨੇ ਦੀ ਤਨਖਾਹ ਮੁਲਾਜ਼ਮਾਂ ਨੂੰ ਜਾਰੀ ਨਹੀਂ ਹੋ ਸਕੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 2019-20 ਲਈ 14972 ਕਰੋੜ ਰੁਪਏ ਸਬਸਿਡੀ ਦੇ ਐਡਵਾਂਸ ਦੇਣੇ ਸਨ ਪਰ ਸਰਕਾਰ ਪੇਸ਼ਗੀ ਮਹੀਨਾਵਾਰ ਕਿਸ਼ਤਾਂ ਦੇਣ 'ਚ ਵੀ ਫੇਲ ਰਹੀ ਹੈ। ਪੰਜਾਬ ਸਰਕਾਰ ਨੇ ਸਬਸਿਡੀ ਦਾ ਹੁਣ ਤੱਕ 5500 ਕਰੋੜ ਰੁਪਏ ਅਦਾ ਕਰਨਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲ ਬਿਜਲੀ ਦੇ ਬਿੱਲਾਂ ਦੇ 2150 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਇਸ ਦਾ ਮਤਲਬ ਹੈ ਕਿ ਸਰਕਾਰ ਨੇ ਪਾਵਰਕਾਮ ਨੂੰ 7650 ਕਰੋੜ ਰੁਪਏ ਦੇਣੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸੂਦ ਤੇ ਦਵਿੰਦਰ ਗੋਇਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਭਾਵੇਂ ਪਾਵਰਕਾਮ ਵਿਚ ਸੁਧਾਰ ਮੁਹਿੰਮ ਚੱਲ ਰਹੀ ਹੈ ਪਰ ਪਾਵਰਕਾਮ ਨੂੰ ਸੂਬਾਈ ਦਰਜਾਬੰਦੀ 'ਚ ਚੌਥਾ ਸਥਾਨ ਮਿਲਿਆ ਹੈ। ਕੰਪਨੀ ਕਮਰਸ਼ੀਅਲ ਤੌਰ 'ਤੇ ਕੰਮ ਕਰਨ ਦੇ ਸਮਰੱਥ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਪੈਸੇ ਨਾ ਹੋਣ ਕਾਰਣ ਜਿਥੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲੀਆਂ, ਉਥੇ ਹੀ ਸਪਲਾਇਰਾਂ ਤੇ ਠੇਕੇਦਾਰਾਂ ਦੀ ਅਦਾਇਗੀ ਵੀ ਰੁਕ ਰਹੀ ਹੈ। ਜੇਕਰ ਹਾਲਾਤ ਅਜਿਹੇ ਰਹੇ ਤਾਂ ਲੋਕਾਂ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੀਆਂ।


Related News