ਪੰਜਾਬ ਸਰਕਾਰ ਵੱਲ ਪਾਵਰਕਾਮ ਦਾ ਖੜ੍ਹਾ ਹੈ ਕਰੋੜਾਂ ਰੁਪਏ ਬਕਾਇਆ

10/16/2019 9:26:13 PM

ਚੰਡੀਗੜ੍ਹ/ਪਟਿਆਲਾ,(ਪਰਮੀਤ): ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਨੂੰ ਦਿੱਤੀ ਜਾਂਦੀ ਮੁਫਤ ਬਿਜਲੀ ਦੀ ਸਬਸਿਡੀ ਦੀ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਅਦਾ ਕੀਤੀ ਜਾਣ ਵਾਲੀ ਰਾਸ਼ੀ 'ਚੋਂ 2019-2020 ਦੇ ਵਿੱਤੀ ਵਰ੍ਹੇ ਦੌਰਾਨ 15 ਅਕਤੂਬਰ ਤੱਕ 3838 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ। ਪੰਜਾਬ ਸਰਕਾਰ ਵੱਲੋਂ ਸਾਰੇ ਵਿੱਤੀ ਵਰ੍ਹੇ ਦੌਰਾਨ 14972 ਕਰੋੜ ਰੁਪਏ ਦੀ ਸਬਸਿਡੀ ਬਦਲੇ ਪਾਵਰਕਾਮ ਨੂੰ ਦਿੱਤੀ ਜਾਣੀ ਹੈ। ਇਸ 'ਚੋਂ 15 ਅਕਤੂਬਰ ਤੱਕ 8629.28 ਕਰੋੜ ਰੁਪਏ ਅਦਾ ਕੀਤੇ ਜਾਣੇ ਸਨ। ਪੰਜਾਬ ਸਰਕਾਰ ਨੇ ਇਸ 'ਚੋਂ 3397.58 ਕਰੋੜ ਰੁਪਏ ਅਦਾ ਕੀਤੇ ਹਨ। ਇਸ ਤੋਂ ਇਲਾਵਾ ਪਾਵਰਕਾਮ ਦੀ ਪੰਜਾਬ ਸਰਕਾਰ ਵੱਲ 1393.62 ਕਰੋੜ ਰੁਪਏ ਦੀ ਈ. ਡੀ. ਤੇ ਆਈ. ਡੀ. ਐੱਫ. ਦੀ ਐਡਜਸਟਮੈਂਟ ਮਗਰੋਂ ਕੁੱਲ 3838 ਕਰੋੜ ਰੁਪਏ ਸਬਸਿਡੀ ਦੇ ਬਕਾਏ ਰਹਿ ਗਏ ਹਨ।

ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸੇਵਾਮੁਕਤ ਇੰਜੀ. ਪਦਮਜੀਤ ਸਿੰਘ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਪਾਵਰਕਾਮ ਨੂੰ ਹੁਕਮ ਦਿੱਤਾ ਸੀ ਕਿ ਉਹ ਹਰ 15 ਦਿਨਾਂ ਬਾਅਦ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਬਿਓਰਾ ਆਪਣੀ ਵੈੱਬਸਾਈਟ 'ਤੇ ਪੋਸਟ ਕਰੇ। ਇਸ ਮਗਰੋਂ ਪਾਵਰਕਾਮ ਵੱਲੋਂ ਇਹ ਅੰਕੜੇ ਰੈਗੂਲਰ ਤੌਰ 'ਤੇ ਪੋਸਟ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਟਿਊਬਵੈੱਲਾਂ ਲਈ ਮੁਫਤ ਬਿਜਲੀ ਤੋਂ ਇਲਾਵਾ ਅਨੁਸੂਚਿਤ ਜਾਤੀ, ਪਛੜੀਆਂ ਸ਼੍ਰੇਣੀਆਂ ਤੇ ਅਜ਼ਾਦੀ ਘੁਲਾਟੀਆ ਸਮੇਤ ਵੱਖ-ਵੱਖ ਵਰਗਾਂ ਨੂੰ ਬਿਜਲੀ 'ਤੇ ਛੋਟ ਦਿੱਤੀ ਜਾ ਰਹੀ ਹੈ। ਇਸ ਬਦਲੇ ਇਹ ਰਾਸ਼ੀ ਸਰਕਾਰ ਪਾਵਰਕਾਮ ਨੂੰ ਅਦਾ ਕਰਦੀ ਹੈ।


Related News