ਚੰਨੀ ਸਰਕਾਰ ਝੂਠੇ ਐਲਾਨ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਧੋਖਾ ਦੇ ਰਹੀ : ਢੀਂਡਸਾ

Saturday, Nov 13, 2021 - 05:01 PM (IST)

ਮਾਨਸਾ/ਸਰਦੂਲਗੜ੍ਹ (ਜੱਸਲ, ਚੋਪੜਾ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਆਪਣੇ ਕਾਰਜਕਾਲ ਦੇ ਤਿੰਨ ਮਹੀਨਿਆਂ ਦਾ ਸਮਾਂ ਬਤੀਤ ਕਰਨ ਲਈ ਝੂਠੇ ਵਾਅਦੇ ਅਤੇ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਧੋਖਾ ਦੇ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਖਜ਼ਾਨਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਮਾਨਸਾ ਅਤੇ ਸਰਦੂਲਗੜ੍ਹ ’ਚ ਪੱਤਰਕਾਰਾਂ ਨਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਬਿਜਲੀ ਵਿਭਾਗ ਦੀ ਪਹਿਲਾਂ ਵਾਲੀ ਵੀ ਸਬਸਿਡੀ ਅਦਾ ਨਹੀਂ ਕੀਤੀ ਅਤੇ ਬਿਜਲੀ ਸਸਤੀ ਕਰਕੇ ਵਿਭਾਗ ਤੇ ਹੋਰ ਬੋਝ ਪਾ ਦਿੱਤਾ ਹੈ। ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਧੜਾਧੜ ਕੀਤੇ ਜਾ ਰਹੇ ਐਲਾਨਾਂ ਨੂੰ ਪੂਰਾ ਕਰਨਾ ਸੌਖਾ ਨਹੀਂ ਹੈ ਕਿਉਕਿ ਪੰਜਾਬ ਸਰਕਾਰ ਨੇ ਦੱਸਿਆ ਨਹੀਂ ਕਿ ਸਸਤੀ ਬਿਜਲੀ ਕਿਥੋਂ ਖਰੀਦੀ ਜਾ ਰਹੀ ਹੈ ਅਤੇ ਸਬਸਿਡੀ ਦੀ ਇੰਨੀ ਵੱਡੀ ਰਕਮ ਪੰਜਾਬ ਸਰਕਾਰ ਵਲੋਂ ਅਦਾ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪੰਜਾਬ ਵਿਚ ਸਰਕਾਰ ਬਣਾ ਕੇ ਪੰਜਾਬੀਆਂ ਦੀ ਆਰਥਿਕਤਾ ਨੂੰ ਮਜ਼ਬੂਤ ਕਰੇਗਾ ਅਤੇ ਘੱਟੋ-ਘੱਟ ਉਜਰਤ ਪੰਦਰਾਂ ਹਜ਼ਾਰ ਰੁਪਏ ਮਹੀਨਾ ਦੇਵੇਗਾ, ਜਿਸ ਨਾਲ ਲੋਕਾਂ ਨੂੰ ਹਰ ਚੀਜ਼ ਖਰੀਦਣ ਦੇ ਕਾਬਲ ਬਣਾਇਆ ਜਾ ਸਕੇ।

ਲੋਕਾਂ ਨੂੰ ਆਪਣੀ ਮਿਹਨਤ ਦਾ ਸਤਿਕਾਰਿਤ ਮੁੱਲ ਮਿਲ ਸਕੇ ਅਤੇ ਸਬਸਿਡੀਆ ਸਿਰਫ ਲੋੜਵੰਦ ਪਰਿਵਾਰਾਂ ਨੂੰ ਦਿੱਤੀਆ ਜਾਣ ਅਤੇ ਸਰਕਾਰੀ ਖਜ਼ਾਨੇ ਨੂੰ ਪੰਜਾਬੀਆਂ ਦੀ ਸਿਹਤ, ਸਿੱਖਿਆ , ਬੁਨਿਆਦੀ ਸਹੂਲਤਾਂ ਅਤੇ ਵਿਕਾਸ ’ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਿਕਾਮੀ ਕਾਰਣ ਡੀ.ਏ.ਪੀ. ਖਾਦ ਦੀ ਘਾਟ ਹੋ ਰਹੀ ਹੈ ਕਿਉਂਕਿ ਸਰਕਾਰ ਵਲੋਂ ਸੁਚੱਜੇ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ ਅਤੇ ਕਿਸਾਨਾਂ ਨੂੰ ਬਲੈਕ ਵਿਚ ਮਹਿੰਗੇ ਭਾਅ ਦੀ ਖਾਦ ਖ੍ਰੀਦਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਡੀ.ਏ.ਪੀ. ਖਾਦ ਤੇ ਸਬਸਿਡੀ ਦੇਣਾ ਅਤੇ ਸਾਰੇ ਦੇਸ਼ ਵਿਚ ਸਹੀ ਢੰਗ ਨਾਲ ਇਸ ਦੀ ਸਪਲਾਈ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰੰਤੂ ਕੇਂਦਰ ਸਰਕਾਰ ਇਸ ਤੋਂ ਭੱਜ ਰਹੀ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਆਂ ਡੀ.ਏ.ਪੀ. ਖਾਦ ਪੰਜਾਬ ਸੂਬੇ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਹੈ ਕਿਉਕਿ ਕੇਂਦਰ ਪੂਲ ਵਿਚ ਸਭ ਤੋਂ ਜ਼ਿਆਦਾ ਕਣਕ ਦੀ ਹਿੱਸੇਦਾਰੀ ਪੰਜਾਬ ਦੇ ਕਿਸਾਨਾਂ ਦੀ ਹੁੰਦੀ । ਇਸ ਮੌਕੇ ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਲਲਿਤ ਸ਼ਰਮਾ, ਗੁਰਸੇਵਕ ਸਿੰਘ ਝੁਨੀਰ, ਸੁਖਮਨਦੀਪ ਡਿੰਪੀ ਦਾਤੇਵਾਸ, ਸੁਖਵਿੰਦਰ ਸਿੰਘ ਸੁੱਖਾ ਸਾਬਕਾ ਐੱਮ.ਸੀ, ਜਸਪਾਲ ਸਿੰਘ, ਭਰਤੀਰ ਰਾਮ, ਨਰਿੰਦਰ ਸਿੰਘ, ਤੇਜਾ ਸਿੰਘ ਅਤੇ ਜਗਜੀਤ ਸਿੰਘ ਹਾਜ਼ਰ ਸਨ।


Gurminder Singh

Content Editor

Related News