ਸਰਕਾਰੀ ਮਿਡਲ ਸਕੂਲ ਰੌਣੀ ''ਚ ਚੋਰੀ ਕਰਨ ਵਾਲਾ ਗ੍ਰਿਫਤਾਰ
Friday, Jul 28, 2017 - 07:57 AM (IST)
ਪਟਿਆਲਾ (ਬਲਜਿੰਦਰ) - ਲਗਭਗ ਇਕ ਹਫ਼ਤਾ ਪਹਿਲਾਂ ਸਰਕਾਰੀ ਮਿਡਲ ਸਕੂਲ ਪਿੰਡ ਰੌਣੀ ਦੀ ਕੰਪਿਊਟਰ ਲੈਬ ਵਿਚ ਪਾੜ ਲਾ ਕੇ ਚੋਰੀ ਕਰਨ ਦੇ ਦੋਸ਼ ਹੇਠ ਚੌਕੀ ਸੈਂਚੁਰੀ ਇਨਕਲੇਵ ਦੇ ਇੰਚਾਰਜ ਏ. ਐੱਸ. ਆਈ. ਫਕੀਰ ਸਿੰਘ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਬਸੰਤ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਫਕੀਰ ਚੰਦ ਨੇ ਦੱਸਿਆ ਕਿ 20-21 ਜੁਲਾਈ ਦੀ ਦਰਮਿਆਨੀ ਰਾਤ ਨੂੰ ਸਰਕਾਰੀ ਮਿਡਲ ਸਕੂਲ ਪਿੰਡ ਵੱਡੀ ਰੌਣੀ ਦੀ ਕੰਪਿਊਟਰ ਲੈਬ ਦੇ ਦਫ਼ਤਰ ਦੀ ਪਿਛਲੀ ਕੰਧ ਵਿਚ ਪਾੜ ਲਾ ਕੇ ਅਣਪਛਾਤੇ ਵਿਅਕਤੀਆਂ ਵੱਲੋਂ 5 ਐੱਲ. ਈ. ਡੀ. ਮੋਨੀਟਰ, 1 ਸੀ. ਪੀ. ਯੂ., 3 ਯੂ. ਪੀ. ਐੱਸ., ਬੈਟਰੀ ਅਤੇ 4 ਕੰਪਿਊਟਿੰਗ ਡਿਵਾਈਸ ਚੋਰੀ ਕਰ ਲਏ ਗਏ। ਇਸ ਸਬੰਧੀ ਸਕੂਲ ਇੰਚਾਰਜ ਅਮਨਜੋਤ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਨ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਹੌਲਦਾਰ ਪਵਨ ਕੁਮਾਰ ਅਤੇ ਪੁਲਸ ਪਾਰਟੀ ਨੇ ਬਸੰਤ ਵਾਸੀ ਉੱਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕੀਤਾ, ਜਿਸ ਤੋਂ 3 ਐੱਲ. ਈ. ਡੀ. ਮੋਨੀਟਰ, 3 ਕੰਪਿਊਟਿੰਗ ਡਿਵਾਈਸ, 1 ਸੀ. ਪੀ. ਯੂ., ਇਕ ਬੈਟਰਾ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਵਿਚ ਪਾਇਆ ਗਿਆ ਕਿ ਬਸੰਤ ਦੇ ਨਾਲ ਵਾਰਦਾਤ ਨੂੰ ਅੰਜਾਮ ਦੇਣ ਵਿਚ ਪ੍ਰਦੀਪ ਕੁਮਾਰ ਵਾਸੀ ਬਿਹਾਰ ਵੀ ਸ਼ਾਮਲ ਸੀ, ਜੋ ਫਰਾਰ ਹੈ। ਪੁਲਸ ਨੇ ਉਸ ਦੇ ਖਿਲਾਫ ਵੀ ਕੇਸ ਦਰਜ ਕਰ ਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
