ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਜੀਜੇ-ਸਾਲੇ ਨੇ ਮਾਰੀ 6 ਲੱਖ ਦੀ ਠੱਗੀ

06/27/2022 5:56:07 PM

ਮੋਗਾ (ਅਜ਼ਾਦ) : ਬਾਘਾ ਪੁਰਾਣਾ ਨਿਵਾਸੀ ਗੁਰਪ੍ਰੀਤ ਸਿੰਘ ਅਤੇ ਉਸਦੇ ਭਰਾ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸਾਲੇ ਵੱਲੋਂ ਆਪਣੇ ਜੀਜੇ ਨਾਲ ਕਥਿਤ ਮਿਲੀਭੁਗਤ ਕਰਕੇ 6 ਲੱਖ ਰੁਪਏ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਪ੍ਰੀਤ ਸਿੰਘ ਨਿਵਾਸੀ ਨਿਹਾਲ ਸਿੰਘ ਵਾਲਾ ਰੋਡ ਬਾਘਾ ਪੁਰਾਣਾ ਨੇ ਕਿਹਾ ਕਿ ਕਥਿਤ ਦੋਸ਼ੀ ਸਤਨਾਮ ਸਿੰਘ ਸੇਵਾ ਸੈਂਟਰ ਬਾਘਾ ਪੁਰਾਣਾ ਵਿਚ ਬਤੌਰ ਸਕਿਓਰਿਟੀ ਗਾਰਡ ਨੌਕਰੀ ਕਰਦਾ ਹੈ, ਜਿਸ ਨਾਲ ਮੇਰੀ ਜਾਣ ਪਹਿਚਾਣ ਸੀ ਉਸਨੇ ਮੈਨੂੰ ਕਿਹਾ ਕਿ ਉਹ ਤੈਨੂੰ ਅਤੇ ਤੇਰੇ ਭਰਾ ਨੂੰ ਸਰਕਾਰੀ ਨੌਕਰੀ ’ਤੇ ਲਗਵਾ ਸਕਦਾ ਹੈ ਕਿਉਂਕਿ ਮੇਰਾ ਜੀਜਾ ਗੁਰਤੇਜ ਸਿੰਘ ਨਿਵਾਸੀ ਜ਼ੀਰਾ ਦੀ ਸਟਾਫ ਸਿਲੈਕਸ਼ਨ ਕਮਿਸ਼ਨ ਨਾਲ ਚੰਗੀ ਜਾਣ ਪਛਾਣ ਹੈ ਅਤੇ ਉਸ ਨੇ 10 ਲੱਖ ਰੁਪਏ ਦੀ ਮੰਗ ਕੀਤੀ, ਜਿਸ ’ਤੇ ਮੈਂ ਭਰੋਸਾ ਕਰਕੇ 2019 ਵਿਚ 6 ਲੱਖ ਰੁਪਏ ਦੇ ਦਿੱਤੇ।

ਇਸ ਉਪਰੰਤ ਉਸਨੇ ਮੈਨੂੰ ਕਿਹਾ ਕਿ ਤੁਹਾਡੀ ਇੰਟਰਵਿਊ 25 ਅਪ੍ਰੈਲ 2019 ਨੂੰ ਹੈ ਅਤੇ ਤੁਹਾਡੀ ਸਿੱਧੀ ਭਰਤੀ ਹੋ ਜਾਵੇਗੀ ਪਰ ਬਾਅਦ ਵਿਚ ਮੈਂ ਸਤਨਾਮ ਸਿੰਘ ਅਤੇ ਉਸਦੇ ਜੀਜੇ ਗੁਰਤੇਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਹ ਮੈਨੂੰ ਲਾਰੇ ਲਗਾਉਣ ਲੱਗੇ ਅਤੇ ਕਿਹਾ ਕਿ ਜਲਦ ਹੀ ਤੁਹਾਨੂੰ ਨੌਕਰੀ ਮਿਲ ਜਾਵੇਗੀ। ਇਸ ਉਪਰੰਤ ਮੈਂ 6 ਜੂਨ 2019 ਨੂੰ ਕਿਹਾ ਕਿ ਜਾਂ ਤਾਂ ਪੈਸੇ ਵਾਪਸ ਕਰ ਦਿਉ ਜਾਂ ਫਿਰ ਨੌਕਰੀ ਦਿਵਾ ਦਿਉ, ਜਿਸ ’ਤੇ ਇਨ੍ਹਾਂ ਮੈਨੂੰ ਇਕ ਚੈੱਕ ਦਿੱਤਾ ਪਰ ਖਾਤੇ ਵਿਚ ਪੈਸੇ ਨਾ ਹੋਣ ਕਾਰਣ ਚੈੱਕ ਪਾਸ ਨਹੀਂ ਹੋ ਸਕਿਆ।

ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮੇਰੇ ਨਾਲ ਕਥਿਤ ਮਿਲੀਭੁਗਤ ਕਰ ਕੇ ਧੋਖਾਦੇਹੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਡੀ. ਐੱਸ. ਪੀ. ਆਈ ਵੱਲੋਂ ਕੀਤੀ ਗਈ। ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਥਿਤ ਦੋਸ਼ੀ ਜੀਜਾ-ਸਾਲਾ ਸਤਨਾਮ ਸਿੰਘ ਨਿਵਾਸੀ ਮੰਡੀਰਾਂ ਵਾਲਾ ਰੋਡ ਬਾਘਾ ਪੁਰਾਣਾ ਅਤੇ ਗੁਰਤੇਜ ਸਿੰਘ ਨਿਵਾਸੀ ਝਤਰਾ ਰੋਡ ਜ਼ੀਰਾ ਖਿਲਾਫ਼ ਧੋਖਾਦੇਹੀ ਦਾ ਮਾਮਲਾ ਥਾਣਾ ਬਾਘਾ ਪੁਰਾਣਾ ਵਿਚ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਹਰਬਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।


Gurminder Singh

Content Editor

Related News