ਸਰਕਾਰੀ ਹਸਪਤਾਲ ’ਚ ਮਹਿੰਗੇ ਮੁੱਲ ’ਤੇ ਵੇਚੀਅਾਂ ਜਾ ਰਹੀਅਾਂ ਘਟੀਆ ਕੁਅਾਲਟੀ ਦੀਅਾਂ ਦਵਾਈਅਾਂ

07/18/2018 3:08:45 AM

ਗੁਰਦਾਸਪੁਰ,   (ਵਿਨੋਦ)-  ਸਿਵਲ ਹਸਪਤਾਲ ਗੁਰਦਾਸਪੁਰ ਸਮੇਤ ਪੂਰੇ ਪੰਜਾਬ ’ਚ ਸਰਕਾਰੀ ਹਸਪਤਾਲਾਂ ’ਚ ਜਨ-ਅੌਸ਼ਧੀ ਦਵਾਈਆਂ  ਲਈ ਖੋਲ੍ਹੇ ਸਟੋਰਾਂ ’ਚ ਮਰੀਜ਼ਾਂ ਨੂੰ ਕੇਂਦਰ ਸਰਕਾਰ ਦੀ ਯੋਜਨਾ ਦੇ ਉਲਟ ਹਲਕੀ ਤੇ ਘਟੀਆ ਕੁਅਾਲਟੀ ਦੀਅਾਂ ਦਵਾਈਆਂ  ਵੇਚ ਕੇ ਲੁੱਟਿਆ ਜਾ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਨੂੰ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਿਵਲ ਹਸਪਤਾਲ ਗੁਰਦਾਸਪੁਰ ’ਚ ਅੱਜ ਇਸ ਸਬੰਧੀ ਸ਼ੋਰ ਵੀ ਮਚਿਆ  ਰਿਹਾ ਪਰ ਜਨ-ਅੌਸ਼ਧੀ ਦਵਾਈ ਸਟੋਰ ਦੀ ਸੰਚਾਲਿਕਾ  ਅਨੁਸਾਰ  ਇਥੇ ਜੋ ਵੀ ਹੋ ਰਿਹਾ ਹੈ, ਉਹ ਰੈੱਡ ਕਰਾਸ ਦੇ ਉੱਚ ਅਧਿਕਾਰੀਆਂ ਦੀ ਇਜਾਜ਼ਤ ਨਾਲ ਹੋ ਰਿਹਾ ਹੈ।  ਜ਼ਿਕਰਯੋਗ ਹੈ ਕਿ ਦੇਸ਼ ਭਰ ’ਚ ਕੇਂਦਰ ਸਰਕਾਰ ਦੀ ਯੋਜਨਾ ਅਨੁਸਾਰ ਲੋਕਾਂ ਨੂੰ ਸਸਤੀਅਾਂ ਦਵਾਈਅਾਂ ਮੁਹੱਈਆ ਕਰਵਾਉਣ  ਲਈ ਸਰਕਾਰੀ ਹਸਪਤਾਲਾਂ  ’ਚ ਜਨ-ਅੌਸ਼ਧੀ ਸਟੋਰ ਖੋਲ੍ਹੇ ਗਏ ਹਨ ਜਿਨ੍ਹਾਂ ’ਚ ਵਧੀਅਾ ਕੰਪਨੀਅਾਂ ਦੀਅਾਂ ਜੈਨਰਿਕ ਦਵਾਈਅਾਂ ਹੀ ਵੇਚਣ ਦੀ ਵਿਵਸਥਾ ਹੈ। ਅੱਜ ਇਕ ਸਟੋਰ ’ਤੇ ਜਾ ਕੇ ਜਦੋਂ ਸੱਚਾਈ ਦਾ ਪਤਾ ਲਾਇਆ  ਤਾਂ  ਕੁਝ ਦਵਾਈਆਂ ਜੋ ਬਾਜ਼ਾਰ ਵਿਚੋਂ ਸਸਤੀਅਾਂ ਮਿਲ ਜਾਂਦੀਆਂ ਹਨ, ਉਹ ਇਸ ਸਟੋਰ ’ਤੇ ਮਹਿੰਗੇ ਰੇਟ ’ਤੇ ਵੇਚੀਆਂ ਜਾ ਰਹੀਅਾਂ ਹਨ ਅਤੇ ਸਾਲਟ ਵੀ ਦਵਾਈ ਦਾ ਇਕੋ ਹੁੰਦਾ ਹੈ। ਜਨ-ਅੌਸ਼ਧੀ ਦੀ ਬਜਾਏ ਇਨ੍ਹਾਂ ਸਟੋਰਾਂ ’ਚ ਆਸ਼ਵਰੀਏ ਕੇਅਰ ਸਮੇਤ ਹੋਰ ਪ੍ਰਾਈਵੇਟ ਕੰਪਨੀਅਾਂ ਦੀਅਾਂ ਦਵਾਈਅਾਂ ਵੇਚੀਅਾਂ ਜਾਂਦੀਅਾਂ ਹਨ ਅਤੇ ਇਨ੍ਹਾਂ ਦਾ ਬਿੱਲ ਵੀ ਨਹੀਂ ਦਿੱਤਾ ਜਾਂਦਾ।
 ਕੀ ਕਹਿਣਾ ਹੈ ਮਰੀਜ਼ਾਂ ਦਾ
 ਇਸ ਜਨ-ਅੌਸ਼ਧੀ ਦੇ ਬਾਹਰ ਖਡ਼੍ਹੇ ਕੁਝ ਮਰੀਜ਼ਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ’ਚ ਦੋ ਤਰ੍ਹਾਂ ਦੇ ਸਟੋਰ ਚੱਲਦੇ ਹਨ। ਇਕ ਸਟੋਰ ਉਹ ਹੈ, ਜਿਸ ’ਚੋਂ ਮੁਫ਼ਤ ਦਵਾਈਆਂ ਮਿਲਦੀਅਾਂ ਹਨ ਪਰ ਉਥੇ ਵੀ ਡਾਕਟਰਾਂ ਵੱਲੋਂ ਲਿਖੀਅਾਂ ਦਵਾਈਆਂ ਬਹੁਤ ਘੱਟ ਮਿਲਦੀਅਾਂ ਹਨ ਜੇ ਬਲੱਡ ਪ੍ਰੈਸ਼ਰ ਦੀ ਦਵਾਈ ਮਿਲਦੀ ਹੈ ਤਾਂ ਸ਼ੂਗਰ ਦੀ ਨਹੀਂ ਮਿਲਦੀ ਅਤੇ ਜਦੋਂ ਸ਼ੂਗਰ ਦੀ ਮਿਲਦੀ ਹੈ ਤਾਂ ਬਲੱਡ ਪ੍ਰੈਸ਼ਰ ਦੀ ਖਤਮ ਹੁੰਦੀ ਹੈ। ਮਰੀਜ਼ਾਂ  ਅਨੁਸਾਰ ਜੋ ਦਵਾਈ ਇਥੋਂ ਨਹੀਂ ਮਿਲਦੀ, ਉਹ ਸਾਨੂੰ ਜਨ-ਅੌਸ਼ਧੀ ਸਟੋਰ ਤੋਂ ਖਰੀਦਣ ਲਈ ਕਿਹਾ ਜਾਂਦਾ ਹੈ। ਜ਼ਿਅਾਦਾਤਰ  ਇਥੇ ਜਨ-ਅੌਸ਼ਧੀ ਦੀ ਬਜਾਏ ਆਮ ਕੰਪਨੀਅਾਂ ਦੀਅਾਂ ਦਵਾਈਅਾਂ ਦਿੱਤੀਅਾਂ ਜਾਂਦੀਆਂ ਹਨ ਅਤੇ ਉਨ੍ਹਾਂ ’ਤੇ ਲਿਖਿਆ ਪੂਰਾ ਮੁੱਲ ਵਸੂਲ ਕੀਤਾ ਜਾਂਦਾ ਹੈ ਪਰ ਖਰੀਦ ਕੀਤੀ ਦਵਾਈ ਦਾ ਬਿੱਲ ਨਹੀਂ ਦਿੱਤਾ ਜਾਂਦਾ। ਜੇ ਸਾਧਾਰਨ ਦਵਾਈ ਹੀ ਲੈਣੀ ਹੈ ਤਾਂ ਫਿਰ ਬਾਜ਼ਾਰ ਤੇ ਇਸ ਜਨ-ਅੌਸ਼ਧੀ ਸਟੋਰ ’ਚ ਕੀ ਅੰਤਰ ਰਹਿ ਜਾਵੇਗਾ। 
 ਕਾਲਾ ਪੀਲੀਆ ਦਵਾਈ ਦਾ ਵੀ ਗੋਰਖਧੰਦਾ ਸਿਵਲ ਹਸਪਤਾਲ ’ਚ ਜ਼ੋਰਾਂ ’ਤੇ
 ਸਿਵਲ ਹਸਪਤਾਲ ’ਚ ਕਾਲਾ ਪੀਲੀਆ ਦਾ ਇਲਾਜ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਸਾਰੀ ਦਵਾਈ ਹਸਪਤਾਲ ਤੋਂ ਹੀ ਮਿਲਦੀ ਹੈ ਪਰ ਬੀਤੇ ਸਮੇਂ ’ਚ ਇਸ ਦਵਾਈ ਦਾ ਵੀ ਸਕੈਂਡਲ ਸਾਹਮਣੇ ਆਇਆ ਸੀ। ਇਕ ਮਰੀਜ਼ ਨੇ ਸਿਵਲ ਹਸਪਤਾਲ ਦੇ ਅਧਿਕਾਰੀਅਾਂ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਇਕ ਫਾਰਮਾਸਿਸਟ ਨੇ ਉਸ ਤੋਂ ਦਵਾਈ ਦੇਣ ਦੇ ਬਦਲੇ 15 ਹਜ਼ਾਰ ਰੁਪਏ ਲਏ ਸਨ ਕਿਉਂਕਿ ਬਾਜ਼ਾਰ ’ਚ ਇਹ ਦਵਾਈ ਬਹੁਤ ਹੀ ਮਹਿੰਗੇ ਰੇਟ ਵਿਚ ਮਿਲਦੀ ਹੈ।  ਜਾਂਚ-ਪਡ਼ਤਾਲ ਦੇ ਬਾਅਦ ਉਕਤ ਫਾਰਮਾਸਿਸਟ ਨੂੰ ਹਸਪਤਾਲ ਤੋਂ ਹਟਾ ਦਿੱਤਾ ਗਿਆ। ਕਾਲਾ ਪੀਲੀਆ ਬੀਮਾਰੀ ਦੇ ਨੋਡਲ ਅਧਿਕਾਰੀ ਡਾ. ਮਨਜਿੰਦਰ ਸਿੰਘ ਬੱਬਰ ਨੇ ਇਸ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਮਾਮਲਾ ਹੁਣ ਖਤਮ ਹੋ ਚੁੱਕਾ ਹੈ ਅਤੇ ਫਾਰਮਾਸਿਸਟ ਨੂੰ ਬਦਲ ਦਿੱਤਾ ਗਿਆ ਹੈ। ਕਾਲਾ ਪੀਲੀਆ ਦੀ ਦਵਾਈ ਹਸਪਤਾਲ ’ਚ ਪੂਰੀ ਤਰ੍ਹਾਂ ਮੁਫ਼ਤ ਹੈ। 
 ਮਾਮਲੇ ਦੀ ਜਾਂਚ ਕਰਵਾਈ ਜਾਵੇਗੀ : ਐੱਸ. ਐੱਮ. ਓ. 
ਜਨ-ਅੌਸ਼ਧੀ ਸਟੋਰ ’ਚ ਪ੍ਰਾਈਵੇਟ ਦਵਾਈਅਾਂ ਵੇਚੇ ਜਾਣ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ  ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ’ਚ ਕੁਝ ਰੋਜ਼ ਪਹਿਲਾਂ ਹੀ ਆਇਆ ਸੀ। ਇਸ ਸਬੰਧੀ ਜਨ-ਅੌਸ਼ਧੀ ਸਟੋਰ ਇੰਚਾਰਜ ਨੂੰ ਲਿਖਤੀ ਪੱਤਰ ਭੇਜ ਕੇ ਸਾਰੀ ਜਾਣਕਾਰੀ ਮੰਗੀ ਜਾਵੇਗੀ। ਜੇ ਗਲਤ ਢੰਗ ਨਾਲ ਇਹ  ਦਵਾਈਆਂ ਵੇਚੀਅਾਂ ਜਾ ਰਹੀਆਂ ਹੋਣਗੀਆਂ ਤਾਂ ਨਿਸ਼ਚਿਤ ਰੂਪ ਵਿਚ ਕਾਰਵਾਈ  ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਅਤੇ ਸਾਰੀ ਦਵਾਈ ਕੇਂਦਰ ਸਰਕਾਰ ਤੋਂ ਹੀ ਮਿਲਦੀ ਹੈ ਜੋ ਕਿ ਸਸਤੇ ਰੇਟ ਵਿਚ ਆਉਂਦੀ ਹੈ ਅਤੇ ਸਸਤੇ ਰੇਟ ’ਚ ਹੀ ਵਿਕਦੀ ਹੈ। 


Related News