ਹੈਰਾਨੀਜਨਕ : ਸਰਕਾਰੀ ਹਸਪਤਾਲ ਖੇਮਕਰਨ ’ਚ ਚਾਹ ਬਣਾਉਣ ਵਾਲਾ ਕਰਦਾ ਹੈ ਮੈਡੀਕਲ ਅਫ਼ਸਰ ਦਾ ਕੰਮ
Friday, Jun 04, 2021 - 04:56 PM (IST)
ਵਲਟੋਹਾ (ਗੁਰਮੀਤ) - ਸਰਕਾਰੀ ਹਸਪਤਾਲ ਖੇਮਕਰਨ ਅਕਸਰ ਵੱਖ-ਵੱਖ ਕਾਰਨਾਮਿਆਂ ਕਰਕੇ ਅਖ਼ਬਾਰਾਂ ਦੀਆਂ ਸੁਰਖ਼ੀਆਂ ’ਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਸਰਕਾਰੀ ਹਸਪਤਾਲ ਖੇਮਕਰਨ ਮੁੜ ਚਰਚਾ ’ਚ ਉਸ ਸਮੇਂ ਆਇਆ ਹੈ, ਜਦੋਂ ਪਤਾ ਲੱਗਾ ਕਿ ਇਥੇ ਇੱਕ ਚਾਹ ਵੇਚਣ ਵਾਲਾ ਮੈਡੀਕਲ ਅਫ਼ਸਰ ਵਜੋਂ ਕੰਮ ਕਰਦਾ ਹੈ। ਜੀ ਹਾਂ, ਇਹ ਚਾਹ ਵਾਲਾ ਲੋਕਾਂ ਦੇ ਫਾਰਮਾਂ ਉਪਰ ਡਾਕਟਰ ਤੋਂ ਰਿਪੋਰਟ ਕਰਵਾ ਕੇ ਅਟੈੱਸਟਡ ਕਰਵਾਉਂਦਾ ਹੈ ਅਤੇ ਇਸ ਦੇ ਬਦਲੇ 200 ਰੁਪਏ ਫੀਸ ਬਤੌਰ ਰਿਸ਼ਵਤ ਵੀ ਵਸੂਲੀ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਪੱਟੀ ਗੈਂਗਵਾਰ : ਦੋਸ਼ੀਆਂ ਨੂੰ ਪਨਾਹ ਦੇਣ ਵਾਲਾ ਰਾਜ ਸਰਪੰਚ ਪਿਸਟਲ ਸਣੇ ਗ੍ਰਿਫ਼ਤਾਰ
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਵਾਸੀ ਭੂਰਾ ਕਰੀਮਪੁਰਾ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਖੇਮਕਰਨ ਦੇ ਬਾਹਰ ਜਿੰਦਰ ਸਿੰਘ ਨਾਮਕ ਵਿਅਕਤੀ ਚਾਹ ਦੀ ਦੁਕਾਨ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਲੇਬਰ ਕਾਰਡ ਬਣਾਉਣ ਲਈ ਫਾਰਮ ਮੈਡੀਕਲ ਡਾਕਟਰ ਕੋਲੋਂ ਅਟੈੱਸਟਡ ਕਰਵਾਉਣੇ ਲਾਜ਼ਮੀ ਹਨ ਅਤੇ ਜਦੋਂ ਅਸੀਂ ਡਾਕਟਰ ਪਾਸ ਫਾਰਮ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਕੋਰੋਨਾ ਰਿਪੋਰਟ ਦੇਣ ਜਾਂ ਵੈਕਸੀਨ ਦੀ ਪਰਚੀ ਵਿਖਾਉਣ ਲਈ ਕਿਹਾ ਜਾਂਦਾ ਹੈ ਅਤੇ ਚੱਕਰ ਲਗਵਾਏ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਉਨ੍ਹਾਂ ਦੱਸਿਆ ਕਿ ਇਹੀ ਕੰਮ ਉਕਤ ਚਾਹ ਵਾਲਾ 5 ਮਿੰਟਾਂ ਵਿੱਚ ਕਰਵਾ ਕੇ ਦੇ ਦਿੰਦਾ ਹੈ ਅਤੇ ਉਸ ਸਮੇਂ ਨਾ ਤਾਂ ਸਬੰਧਤ ਵਿਅਕਤੀ ਮੌਜੂਦ ਹੁੰਦਾ ਹੈ ਅਤੇ ਨਾ ਹੀ ਕੋਈ ਕੋਰੋਨਾ ਰਿਪੋਰਟ ਮੰਗੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਖੁਦ ਉਕਤ ਚਾਹ ਵਾਲੇ ਨੂੰ 200 ਰੁਪਏ ਪ੍ਰਤੀ ਫਾਰਮ ਦਿੱਤੇ ਹਨ, ਜਿਸ ਸਬੰਧੀ ਪੈਸੇ ਲੈਂਦਿਆਂ ਦੀ ਵੀਡੀਓ ਵੀ ਸਾਡੇ ਪਾਸ ਮੌਜੂਦ ਹੈ। ਜ਼ਿਕਰਯੋਗ ਹੈ ਕਿ ਲੇਬਰ ਕਾਰਡ ਬਣਾਉਣ ਵਾਲੇ ਵਰਕਰਾਂ ਦੇ ਨਾਲ ਨਾਲ ਅਜਿਹੇ ਹੋਰ ਬਹੁਤ ਸਾਰੇ ਲੋਕ ਹਨ, ਜਿੰਨਾਂ ਕੋਲੋਂ ਰਿਸ਼ਵਤ ਬਟੋਰੀ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਜ਼ਿਲ੍ਹੇ ’ਚ ਬਲੈਕ ਫੰਗਸ ਦਾ ਕਹਿਰ ਜਾਰੀ, 2 ਮਰੀਜ਼ ਹੋਰ ਆਏ ਸਾਹਮਣੇ
ਇਸ ਸਬੰਧੀ ਜਦੋਂ ਚਾਹ ਵੇਚਣ ਵਾਲੇ ਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਟਾਲ ਮਟੋਲ ਦੀ ਨੀਤੀ ਅਪਣਾਉਂਦਿਆਂ ਉਸ ਡਾਕਟਰ ਦਾ ਨਾਮ ਦੱਸਣ ਤੋਂ ਮਨ੍ਹਾਂ ਕਰ ਦਿੱਤਾ, ਜਿਸ ਕੋਲੋਂ ਉਹ ਅਟੈਸਟਡ ਕਰਵਾ ਕੇ ਦਿੰਦਾ ਹੈ। ਇਸ ਸਬੰਧੀ ਐੱਸ.ਐੱਮ.ਓ. ਮੈਡਮ ਹਰਦੀਪ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਆ ਗਿਆ ਹੈ। ਰਿਸ਼ਵਤ ਬਟੋਰਨ ਵਾਲਿਆਂ ਖ਼ਿਲਾਫ਼ ਜਿੱਥੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ, ਉਥੇ ਇਸ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਖੇਮਕਰਨ ਵਿੱਚ ਦੇ ਦਿੱਤੀ ਗਈ ਹੈ, ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਨਾਲੀ ਦੇ ਪਾਣੀ ਨੂੰ ਲੈ ਕੇ ਦੋ ਧਿਰਾਂ ’ਚ ਹੋਈ ਖੂਨੀ ਵਾਰਦਾਤ, ਚੱਲੀਆਂ ਗੋਲੀਆਂ