ਗਰੀਬ ਪ੍ਰਵਾਸੀ ਮਜ਼ਦੂਰ ਲਈ ਸਿਹਤ ਸੁਵਿਧਾ ਬਣੀ ਸਰਾਪ

Tuesday, Oct 10, 2017 - 11:19 AM (IST)

ਸੰਗਰੂਰ (ਯਾਦਵਿੰਦਰ)- ਇਕ ਪਾਸੇ ਤਾਂ ਸੂਬੇ ਦੀ ਕੈਪਟਨ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਦਮ ਭਰ ਰਹੀ ਹੈ ਅਤੇ ਦੂਜੇ ਪਾਸੇ ਸਿਹਤ ਸੁਵਿਧਾਵਾਂ ਦੀ ਕਮੀ ਕਾਰਨ ਲੋਕ ਇਲਾਜ ਖੁਣੋਂ ਤਰਸ ਰਹੇ ਹਨ। ਸਰਕਾਰੀ ਹਸਪਤਾਲਾਂ ਵਿਚ ਗਰੀਬਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਕਈ ਵਾਰ ਗਰੀਬ ਪਰਿਵਾਰਾਂ ਲਈ ਸਰਾਪ ਬਣ ਜਾਂਦੀਆਂ ਹਨ। ਜਿਸਦੀ ਤਾਜ਼ਾ ਮਿਸਾਲ ਹੈ ਪ੍ਰਵਾਸੀ ਮਜ਼ਦੂਰ ਮਹਾਵੀਰ, ਜਿਸ ਨੇ ਆਪਣੀ ਗਰਭਵਤੀ ਪਤਨੀ ਨੂੰ ਡਲਿਵਰੀ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਉਥੇ ਇਲਾਜ ਦੇ ਨਾਂ 'ਤੇ ਉਸਦੇ ਨਾਲ ਜੋ ਹੋਇਆ, ਉਹ ਉਸ ਨੂੰ ਕਦੇ ਨਹੀਂ ਭੁੱਲ ਸਕੇਗਾ। 
ਡਲਿਵਰੀ ਦੇ ਚਾਰ ਦਿਨਾਂ ਬਾਅਦ ਜਿਥੇ ਨਵ ਜਨਮੀ ਬੱਚੀ ਹਮੇਸ਼ਾ ਲਈ ਉਨ੍ਹਾਂ ਤੋਂ ਵਿੱਛੜ ਗਈ ਉਥੇ ਉਸਦੀ ਪਤਨੀ ਪਟਿਆਲਾ ਦੇ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਸਥਾਨਕ ਸਿਵਲ ਹਸਪਤਾਲ ਵਿਚ ਆਪਣੀ ਗਰਭਵਤੀ ਪਤਨੀ ਦੀ ਡਲਿਵਰੀ ਕਰਵਾਉਣ ਆਏ ਇਸ ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਸਦੀ ਪਤਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ, ਜੋ ਐਤਵਾਰ ਨੂੰ ਦਮ ਤੋੜ ਗਈ ਹੈ। ਉਸਦੀ ਗੂੰਗੀ ਪਤਨੀ ਦੀ ਹਾਲਤ ਅਜੇ ਵੀ ਪਟਿਆਲਾ ਦੇ ਹਸਪਤਾਲ ਵਿਚ ਗੰਭੀਰ ਬਣੀ ਹੋਈ ਹੈ। 
ਕੀ ਹੈ ਮਾਮਲਾ :
ਪੀੜਤ ਮਹਾਵੀਰ ਨੇ ਦੱਸਿਆ ਕਿ 4 ਅਕਤੂਬਰ ਨੂੰ ਸਵੇਰੇ 5 ਵਜੇ ਉਸਦੀ ਪਤਨੀ ਰੂਪਾ ਜੋ ਕਿ ਗਰਭਵਤੀ ਸੀ, ਨੂੰ ਡਲਿਵਰੀ ਲਈ ਸਥਾਨਕ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿਚ ਲਿਆਂਦਾ ਗਿਆ, ਜਿਥੇ 7 ਵਜੇ ਗਾਇਨੀ ਡਾਕਟਰਾਂ ਨੇ ਉਸਦਾ ਚੈੱਕਅਪ ਕਰ ਕੇ ਪਟਿਆਲਾ ਰੈਫਰ ਕਰ ਦਿੱਤਾ ਸੀ ਪਰ ਉਹ ਬੇਹੱਦ ਗਰੀਬ ਮਜ਼ਦੂਰ ਹੋਣ ਕਾਰਨ ਆਪਣੀ ਪਤਨੀ ਨੂੰ ਪਟਿਆਲਾ ਲਿਜਾਣ ਵਿਚ ਅਸਮਰੱਥ ਸੀ, ਜਿਸ ਕਾਰਨ ਉਹ ਆਪਣੀ ਪਤਨੀ ਇਸੇ ਹਸਪਤਾਲ ਵਿਚ ਦਾਖਲ ਕਰਨ ਲਈ ਗਿੜਗਿੜਾਉਂਦਾ ਰਿਹਾ। ਇਸੇ ਦੌਰਾਨ ਗਰਭਵਤੀ ਮਹਿਲਾ ਦਰਦ ਨਾਲ ਤੜਫਦੀ ਰਹੀ ਅਤੇ ਉਸਨੇ ਸਟਾਫ ਨਰਸ ਦੇ ਕਮਰੇ ਵਿਚ ਹੀ ਸਵੇਰੇ 10.30 ਵਜੇ ਬੱਚੀ ਨੂੰ ਜਨਮ ਦੇ ਦਿੱਤਾ। 
ਜੱਚਾ-ਬੱਚਾ ਦੀ ਹਾਲਤ ਨਾਜ਼ੁਕ : 
ਪੀੜਤ ਮਹਾਵੀਰ ਕੁਮਾਰ ਕੋਲ ਕੇਸ ਨਾਲ ਸਬੰਧਿਤ ਕੋਈ ਕਾਗਜ਼ ਜਾਂ ਪਛਾਣ ਪੱਤਰ ਨਾ ਹੋਣ ਕਾਰਨ ਗਾਇਨੀ ਡਾਕਟਰ ਨੇ ਆਪਣੀ ਅਸਮਰੱਥਾ ਪ੍ਰਗਟ ਕੀਤੀ ਸੀ। ਇਸੇ ਕਸ਼ਮਕਸ਼ ਦੌਰਾਨ ਗਰਭਵਤੀ ਮਹਿਲਾ ਨੇ ਲੇਬਰ ਰੂਮ ਦੇ ਬਾਹਰ ਹੀ ਬੱਚੀ ਨੂੰ ਜਨਮ ਦੇ ਦਿੱਤਾ। ਪੈਦਾ ਹੋਈ ਬੱਚੀ ਦਾ ਭਾਰ ਘੱਟ ਹੋਣ ਕਾਰਨ ਉਸਦੀ ਅਤੇ ਉਸਦੀ ਮਾਂ ਦੀ ਹਾਲਤ ਚਿੰਤਾਜਨਕ ਸੀ, ਜਿਨ੍ਹਾਂ ਨੂੰ ਬਾਅਦ 'ਚ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜਿਥੇ ਐਤਵਾਰ ਨੂੰ ਉਕਤ ਬੱਚੀ ਦੀ ਮੌਤ ਹੋ ਗਈ।  ਸਮਾਜ ਸੇਵੀ ਸੰਸਥਾ ਨੋਬਲ ਹੈਲਪਿੰਗ ਹੈਂਡਸ ਫਾਊਂਡੇਸ਼ਨ ਦੀ ਟੀਮ ਉਕਤ ਮਾਮਲੇ ਵਿਚ ਸੀ. ਐੱਮ. ਓ. ਡਾ. ਕਿਰਨਜੋਤ ਕੌਰ ਬਾਲੀ ਨੂੰ ਮਿਲੀ ਅਤੇ ਮਾਮਲੇ ਦੀ ਜਾਂਚ, ਹਸਪਤਾਲ ਵਿਚ ਸਿਹਤ ਪ੍ਰਬੰਧਾਂ ਤੇ ਸੁਵਿਧਾਵਾਂ ਦੀ ਮੰਗ ਕੀਤੀ। 
ਮਾਮਲੇ ਦੀ ਜਾਂਚ ਦਾ ਭਰੋਸਾ : 
ਐੈੱਸ. ਐੈੱਮ. ਓ. ਡਾ. ਕਿਰਨਜੋਤ ਕੌਰ ਬਾਲੀ ਨੇ ਕਿਹਾ ਕਿ ਹਸਪਤਾਲ ਵਿਚ ਪੈਦਾ ਹੋਈ ਬੱਚੀ ਬੇਹੱਦ ਕਮਜ਼ੋਰ ਸੀ ਅਤੇ ਉਸਦਾ ਭਾਰ ਵੀ ਘੱਟ ਸੀ। ਇਸ ਲਈ ਮਾਂ-ਬੱਚੀ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। 


Related News