ਖੁੱਲ੍ਹੇ ਆਸਮਾਨ ਹੇਠ ਬੱਚੀ ਨੂੰ ਜਨਮ ਦੇਣ ਦੇ ਮਾਮਲੇ ਦਾ ਸਿਹਤ ਵਿਭਾਗ ਨੇ ਲਿਆ ਗੰਭੀਰ ਨੋਟਿਸ

Monday, Sep 04, 2017 - 10:38 AM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ)- ਲੋਪੋਕੇ ਦੇ ਸਰਕਾਰੀ ਹਸਪਤਾਲ ਦੇ ਬਾਹਰ ਗਰਭਵਤੀ ਵੱਲੋਂ ਖੁੱਲ੍ਹੇ ਆਸਮਾਨ ਹੇਠਾਂ ਬੱਚੀ ਨੂੰ ਜਨਮ ਦੇਣ ਦੇ ਮਾਮਲੇ ਦਾ ਸਿਹਤ ਵਿਭਾਗ ਨੇ ਗੰਭੀਰ ਨੋਟਿਸ ਲਿਆ ਹੈ। ਵਿਭਾਗ ਨੇ ਮਾਮਲੇ ਦੀ ਜਾਂਚ ਲਈ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਦੀ ਅਗਵਾਈ 'ਚ 3 ਮੈਂਬਰੀ ਕਮੇਟੀ ਦਾ ਗਠਨ ਕਰ ਕੇ ਛੇਤੀ ਤੋਂ ਛੇਤੀ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ।
ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਦੱਸਿਆ ਕਿ ਹਸਪਤਾਲ ਦੇ ਬਾਹਰ ਗਰਭਵਤੀ ਵੱਲੋਂ ਖੁੱਲ੍ਹੇ ਆਸਮਾਨ ਹੇਠਾਂ ਬੱਚੀ ਨੂੰ ਜਨਮ ਦੇਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਗਠਿਤ ਕੀਤੀ ਗਈ ਟੀਮ ਨੂੰ ਛੇਤੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਸੰਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਵਰਣਨਯੋਗ ਹੈ ਕਿ ਬੀਤੀ ਰਾਤ 2.30 ਵਜੇ ਗਰਭਵਤੀ ਗੁਰਪ੍ਰੀਤ ਕੌਰ ਦਾ ਸਹੁਰਾ ਮਕਬੂਲ ਸਿੰਘ ਨਿਵਾਸੀ ਪਿੰਡ ਮੁੱਧ ਖੋਖਰ ਆਪਣੀ ਨੂੰਹ ਦੀ ਡਲਿਵਰੀ ਲਈ ਸਰਕਾਰੀ ਹਸਪਤਾਲ ਲੋਪੋਕੇ ਪੁੱਜੇ ਸਨ। ਪੀੜਤ ਪਰਿਵਾਰ ਅਨੁਸਾਰ ਆਸ਼ਾ ਵਰਕਰ ਨਾ ਹੋਣ ਕਾਰਨ ਕਰਮਚਾਰੀਆਂ ਨੇ ਹਸਪਤਾਲ ਦਾ ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਗਰਭਵਤੀ ਦਰਦ ਨਾਲ ਤੜਪਦੀ ਰਹੀ ਪਰ ਸਟਾਫ ਦਾ ਦਿਲ ਨਹੀਂ ਪਸੀਜਿਆ। ਗਰਭਵਤੀ ਦਾ ਦਰਦ ਨਾਲ ਬੁਰਾ ਹਾਲ ਸੀ ਤੇ ਇਕ ਸਟਾਫ ਨਰਸ ਤੇ ਦਰਜਾ-4 ਕਰਮਚਾਰੀ ਪਰਿਵਾਰਕ ਮੈਂਬਰਾਂ ਨਾਲ ਬਹਿਸ ਕਰਦੇ ਰਹੇ। ਬੁਰੀ ਹਾਲਤ ਵਿਚ ਗਰਭਵਤੀ ਨੇ ਖੁੱਲ੍ਹੇ ਆਸਮਾਨ ਦੇ ਹੇਠਾਂ ਹੀ ਬੱਚੀ ਨੂੰ ਜਨਮ ਦੇ ਦਿੱਤਾ। ਹਸਪਤਾਲ ਪ੍ਰਸ਼ਾਸਨ ਦੇ ਕਰਮਚਾਰੀਆਂ ਦੀ ਇਸ ਲਾਪ੍ਰਵਾਹੀ ਕਾਰਨ ਗਰਭਵਤੀ ਦੀ ਜਾਨ ਵੀ ਜਾ ਸਕਦੀ ਸੀ।


Related News