ਹਾਲ-ਏ-ਸਰਕਾਰੀ ਹਸਪਤਾਲ ਬਰੇਟਾ ਡਾਕਟਰਾਂ ਦੀਆਂ ਪੋਸਟਾਂ 7 ਪਰ ਹਾਜ਼ਰ ਇਕ ਵੀ ਨਹੀਂ

11/10/2017 3:23:51 AM

ਬਰੇਟਾ(ਸਿੰਗਲਾ)-ਸਥਾਨਕ ਸਰਕਾਰੀ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਜਿਸ ਦੀ ਇਮਾਰਤ ਚਾਰ ਕਰੋੜ ਤੋਂ ਵੱਧ ਦੇ ਖਰਚੇ ਨਾਲ ਬਣਾਈ ਗਈ ਸੀ ਤੇ ਡਾਕਟਰਾਂ ਦੀਆਂ ਸੱਤ ਪੋਸਟਾਂ ਦਿੱਤੀਆਂ ਗਈਆਂ ਸਨ ਪਰ ਇਸ ਸਮੇਂ ਸਿਰਫ ਇਕ ਹੀ ਡਾਕਟਰ ਤਾਇਨਾਤ ਦੱਸਿਆ ਜਾ ਰਿਹਾ ਹੈ। ਇਸ ਸਮੇਂ ਉਹ ਵੀ ਬੀਮਾਰੀ ਦੀ ਛੁੱਟੀ 'ਤੇ ਹੋਣ ਕਾਰਨ ਇਹ ਹਸਪਤਾਲ ਬਿਨਾਂ ਡਾਕਟਰਾਂ ਤੋਂ ਹੀ ਚੱਲ ਰਿਹਾ ਹੈ। ਫਾਰਮਾਸਿਸਟ ਤੇ ਹੋਰ ਸਟਾਫ ਕੰਮ ਨੂੰ ਉਡੀਕ ਰਿਹਾ ਹੈ ਕਿਉਂਕਿ ਨਵੇਂ ਮਰੀਜ਼ ਦੀ ਪਰਚੀ ਸਿਰਫ ਡਾਕਟਰ ਹੀ ਲਿਖ ਸਕਦਾ ਹੈ। ਵਰਣਨਯੋਗ ਹੈ ਕਿ ਪਿਛਲੇ ਸਾਲ ਇਸ ਹਸਪਤਾਲ 'ਚ ਪੰਜ ਡਾਕਟਰ ਲਾ ਦਿੱਤੇ ਗਏ ਸਨ ਤੇ ਉਸ ਸਮੇਂ ਮਰੀਜ਼ ਆਉਣ ਲੱਗੇ ਸਨ ਪਰ ਜਿਉਂ-ਜਿਉਂ ਡਾਕਟਰ ਘਟਦੇ ਗਏ ਤਾਂ ਮਰੀਜ਼ ਵੀ ਘਟ ਗਏ ਤੇ ਹੁਣ ਜੋ ਮਰੀਜ਼ ਆਉਂਦੇ ਹਨ ਉਹ ਵੀ ਨਿਰਾਸ਼ ਹੋ ਕੇ ਵਾਪਸ ਨਿੱਜੀ ਕਲੀਨਿਕਾਂ 'ਚ ਜਾਣ ਲਈ ਮਜਬੂਰ ਹਨ। ਇਸ ਸਮੇਂ ਹਸਪਤਾਲ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਪਰ ਇਸ ਸਮੇਂ ਇੱਥੋਂ ਦੇ ਸਮਾਜ ਸੇਵੀ ਲੋਕ ਤੇ ਸਿਆਸੀ ਆਗੂ ਵੀ ਸ਼ਾਇਦ ਇਸ ਸਥਿਤੀ ਤੋਂ ਬੇਖਬਰ ਦਿਖਾਈ ਦੇ ਰਹੇ ਹਨ। ਇਹ ਵੀ ਪਤਾ ਨਹੀਂ ਕਿ ਇਸ ਸਥਿਤੀ ਬਾਰੇ ਸਰਕਾਰ ਤੇ ਸਿਹਤ ਵਿਭਾਗ ਦੇ ਅਧਿਕਾਰੀ ਜਾਣੂ ਵੀ ਹਨ ਜਾਂ ਨਹੀਂ? ਜਾਂ ਫਿਰ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਡਾਕਟਰਾਂ ਦੀ ਘਾਟ ਇੱਥੋਂ ਤੱਕ ਮਹਿਸੂਸ ਕੀਤੀ ਜਾ ਰਹੀ ਹੈ ਕਿ ਸਰਕਾਰੀ ਸਕੂਲਾਂ 'ਚ ਪੜ੍ਹਦੀਆਂ ਵਿਦਿਆਰਥਣਾਂ ਵਿਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਟੀਕੇ ਲਾਉਣ ਲਈ ਵੀ ਸਟਾਫ ਲਾਗੇ ਦੇ ਹਸਪਤਾਲਾਂ ਤੇ ਡਿਸਪੈਂਸਰੀਆਂ ਤੋਂ ਬੁਲਾਇਆ ਗਿਆ ਅਤੇ 391 ਲੜਕੀਆਂ ਨੂੰ ਟੀਕੇ ਲਾਏ ਗਏ।


Related News