ਸਰਕਾਰੀ ਕਾਲਜਾਂ ''ਚ ਦਾਖ਼ਲੇ ਦੇ ਇੱਛੁਕ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਦਿੱਤੀ ਇਹ ਰਾਹਤ
Friday, Aug 20, 2021 - 01:46 PM (IST)
ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਰਚੁਅਲ ਤੌਰ ’ਤੇ ਰਾਜ ਪੱਧਰ ਏਕੀਕ੍ਰਿਤ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ ਕੀਤੀ। ਇਸ ਨਾਲ ਲੋਕਾਂ ਨੂੰ ਸਮੂਹ ਸੇਵਾਵਾਂ ਨਿਰਵਿਘਨ ਤਰੀਕੇ ਨਾਲ ਪ੍ਰਦਾਨ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਵਲੋਂ ਰਾਜਸੀ ਦਾਖ਼ਲਾ ਪੋਰਟਲ ਵਿਚ ਵਿਸਥਾਰ ਕਰਦੇ ਹੋਏ ਇਸ ਨੂੰ 31 ਅਗਸਤ, 2021 ਤੱਕ ਵਧਾ ਦਿੱਤਾ, ਜਿਸ ਨਾਲ ਸੂਬੇ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿਚ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
1100 ਹੈਲਪਲਾਈਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿਰਫ ਇੱਕ ਬਟਨ ਦਬਾਉਣ ਨਾਲ ਹੀ ਵੱਖ-ਵੱਖ ਸੇਵਾਵਾਂ ਦੇ ਲਾਭ ਹਾਸਲ ਹੋ ਸਕਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਨਿਵੇਕਲੀ ਪਹਿਲ ਵਿਚ ਕਈ ਹੋਰ ਤਕਨੀਕੀ ਪੱਖ ਜਿਵੇਂ ਕਿ ਚੈਟ, ਈ-ਮੇਲ, ਵਟਸਐਪ ਅਤੇ ਐੱਸ.ਐੱਮ. ਐੱਸ. ਵੀ ਜਲਦੀ ਹੀ ਜੋੜੇ ਜਾਣਗੇ। ਇਸ ਦੌਰਾਨ ਉੱਚ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਦਾਖ਼ਲਾ ਪੋਰਟਲ ਤੋਂ ਵਿਦਿਆਰਥੀਆਂ ਦੀ ਕਾਫ਼ੀ ਦੇਰ ਦੀ ਮੰਗ ਪੂਰੀ ਹੋਈ ਹੈ ਅਤੇ ਇਸ ਪੋਰਟਲ ਨਾਲ ਉਹ ਕਈ ਕਾਲਜਾਂ ਵਿਚ ਇੱਕ ਹੀ ਅਰਜ਼ੀ ਫ਼ਾਰਮ ਨਾਲ ਹਸਤਾਖ਼ਰ ਦੇ ਸਕਦੇ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿਸਵਾਂ ਹਾਊਸ ਵਿਖੇ ਕੈਪਟਨ ਨੂੰ ਮਿਲੇ 'ਨਵਜੋਤ ਸਿੱਧੂ', ਚਿੱਠੀ ਸੌਂਪ ਕੇ ਕੀਤੀ ਇਹ ਮੰਗ
ਉੱਥੇ ਹੀ ਪ੍ਰਸ਼ਾਸਨੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਵਿਸ਼ੇਸ਼ ਸਕੱਤਰ ਰਵੀ ਭਗਤ ਨੇ ਇਸ ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1100 ਹੈਲਪਲਾਈਨ ਨੂੰ ਪੀ. ਜੀ. ਆਰ. ਐੱਸ. ਦੇ ਪੋਰਟਲ ਨਾਲ ਵੀ ਜੋੜਿਆ ਗਿਆ ਹੈ ਅਤੇ ਇਹ ਸਿਰਫ ਗ਼ੈਰ-ਐਂਮਰਜੈਂਸੀ ਸੇਵਾਵਾਂ ਲਈ ਹੋਵੇਗਾ।
ਇਹ ਵੀ ਪੜ੍ਹੋ : ਸੁਮੇਧ ਸੈਣੀ ਮਾਮਲੇ 'ਤੇ ਪੰਜਾਬ ਕਾਂਗਰਸ 'ਚ ਛਿੜੀ ਸਿਆਸੀ ਜੰਗ, ਹੁਣ ਕੈਪਟਨ ਦਾ ਰੰਧਾਵਾ ਨੂੰ ਮੋੜਵਾਂ ਜਵਾਬ
ਦਾਖ਼ਲਾ ਪ੍ਰਕਿਰਿਆ ਜਾਰੀ
ਉੱਚ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ. ਕੇ. ਗੰਟਾ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ 2021-22 ਦੇ ਸੈਸ਼ਨ ਲਈ ਕੇਂਦਰੀਕ੍ਰਿਤ ਆਨਲਾਈਨ ਦਾਖ਼ਲਾ ਪ੍ਰਕਿਰਿਆ ਪੰਜਾਬ ਦੇ ਸਾਰੇ ਕਾਲਜਾਂ ਵਿਚ 2 ਅਗਸਤ, 2021 ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਮੌਜ਼ੂਦਾ ਸਮੇਂ ਰਾਜ ਦੇ 59 ਸਰਕਾਰੀ ਕਾਲਜਾਂ ਵਿਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿਚ ਦਾਖ਼ਲੇ ਲਈ ਇਹ ਪ੍ਰਕਿਰਿਆ ਜਾਰੀ ਹੈ। ਇਸ ਮੌਕੇ ਬਠਿੰਡਾ ਤੋਂ ਗਰਵਿਤਾ ਸ਼ਰਮਾ, ਅੰਮ੍ਰਿਤਸਰ ਤੋਂ ਮੁਸਕਾਨ ਪੁਰੀ ਅਤੇ ਹੁਸ਼ਿਆਰਪੁਰ ਤੋਂ ਵਿਦਿਆਰਥਣ ਮਨਮੀਤ ਕੌਰ ਦੇ ਪਿਤਾ ਨੇ ਇਸ ਨਵੇਂ ਦਾਖ਼ਲਾ ਪੋਰਟਲ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦਾਖ਼ਲਾ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ