ਸਰਕਾਰ ਖਿਲਾਫ ਡਟੇ ਆੜਤੀਏ, ਅਨਾਜ ਮੰਡੀ ਬੰਦ ਰੱਖ ਰੋਸ ਦਾ ਕੀਤਾ ਪ੍ਰਗਟਾਵਾ

Monday, Aug 27, 2018 - 06:56 PM (IST)

ਸਰਕਾਰ ਖਿਲਾਫ ਡਟੇ ਆੜਤੀਏ, ਅਨਾਜ ਮੰਡੀ ਬੰਦ ਰੱਖ ਰੋਸ ਦਾ ਕੀਤਾ ਪ੍ਰਗਟਾਵਾ

ਸੁਲਤਾਨਪੁਰ ਲੋਧੀ (ਸੋਢੀ) : ਆੜਤੀਆ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਇਕ ਮੀਟਿੰਗ ਪੁਰਾਣੀ ਦਾਣਾ ਮੰਡੀ ਦੇ ਮੰਦਰ ਵਿਖੇ ਪ੍ਰਧਾਨ ਸੁਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੰਡੀ ਦੇ ਵੱਡੀ ਗਿਣਤੀ 'ਚ ਆੜਤੀਆਂ ਨੇ ਸ਼ਿਰਕਤ ਕੀਤੀ ਤੇ ਆਪਣੀਆਂ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਸਮੇਂ ਆੜਤੀਆਂ ਵਲੋਂ ਸਰਬ ਸੰਮਤੀ ਨਾਲ ਲਏ ਗਏ ਫੈਸਲੇ ਅਨੁਸਾਰ ਸਰਕਾਰ ਵਲੋਂ ਆੜਤੀਆਂ ਤੇ ਮਨੀ ਲਾਂਡਰਿੰਗ ਐਕਟ ਅਤੇ ਫਾਰਮਰ ਵੈਲ਼ਫੇਅਰ ਸੈੱਸ ਲਾਉਣ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ ਅਤੇ ਆੜਤੀਆ ਐਸੋਸੀਏਸ਼ਨ ਪੰਜਾਬ ਦੀ ਕੋਰ ਕਮੇਟੀ ਦੇ ਸੱਦੇ 'ਤੇ 27 ਤੇ 28 ਅਗਸਤ ਦੋ ਦਿਨ ਲਗਾਤਾਰ ਦਾਣਾ ਮੰਡੀ 'ਚ ਆੜਤ ਦੀਆਂ ਦੁਕਾਨਾਂ ਬੰਦ ਰੱਖ ਕੇ ਅਨਾਜ ਮੰਡੀਆਂ ਦਾ ਕੰਮ ਬੰਦ ਰੱਖਿਆ ਗਿਆ। 
ਇਸ ਸਮੇ ਵਿਨੋਦ ਗੁਪਤਾ ਪ੍ਰਧਾਨ ਨਗਰ ਕੌਸ਼ਲ, ਦੀਪਕ ਧੀਰ ਰਾਜੂ, ਸੁਨੀਲ ਉੱਪਲ, ਜਥੇ ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ, ਕਮਲ ਕਿਸ਼ੋਰ ਚਾਵਲਾ ਜਨਰਲ ਸ਼ਕੱਤਰ ਆੜਤੀਆ ਐਸੋਸੀਏਸ਼ਨ ਤੇ ਜਥੇ ਰਾਮ ਸਿੰਘ ਪਰਮਜੀਤਪੁਰ ਆਦਿ ਨੇ ਕਿਹਾ ਕਿ ਆੜਤੀਆਂ ਦੀ ਦਾਮੀ ਤੇ ਟੈਕਸ ਲਾਉਣ, ਸ਼ਾਹੂਕਾਰਾ ਲਾਇਸੈਸ ਦੇ ਘੇਰੇ ਵਿਚ ਲਿਆਉਣ ਤੇ ਆੜਤੀਆਂ ਦੀ ਕਪਾਹ ਦੀ ਕਮਿਸ਼ਨ ਬੰਦ ਕਰਨ ਦੇ ਗਲਤ ਫੈਸਲਿਆ ਦਾ ਸਾਰੇ ਆੜਤੀ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਦੱਸਿਆ ਕਿ ਮੰਤਰੀ ਮੰਡਲ ਦੇ ਇਨ੍ਹਾਂ ਫੈਸਲਿਆਂ ਖਿਲਾਫ 28 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਦੇ ਸਾਰੇ ਆੜਤੀਆਂ ਦੀ ਹੋ ਰਹੀ ਕਾਨਫਰੰਸ ਵਿਚ ਸੁਲਤਾਨਪੁਰ ਲੋਧੀ ਤੋਂ ਵੀ ਵੱਡੀ ਗਿਣਤੀ ਵਿਚ ਆੜਤੀ ਪਹੁੰਚਣਗੇ। ਇਸ ਦੌਰਾਨ ਰੋਸ ਵਜੋਂ  ਅਨਾਜ ਮੰਡੀ ਮੁਕੰਮਲ ਬੰਦ ਰਹੀ।


Related News