ਗੋਰਖਪੁਰ ’ਚ ਸੋਨੇ ਦੀ ਹੋਈ ਲੁੱਟਖੋਹ ਦੇ ਮਾਮਲੇ ’ਚ ਅਕਾਲੀਆਂ ਨੇ ਕਾਂਗਰਸ ਵਿਧਾਇਕ ਬੁਲਾਰੀਆ ਨੂੰ ਘੇਰਿਆ
Wednesday, Mar 17, 2021 - 06:28 PM (IST)
ਅੰਮ੍ਰਿਤਸਰ (ਛੀਨਾ)- ਗੋਰਖਪੁਰ ਯੂ. ਪੀ.’ਚ ਇਕ ਜਿਊਲਰ ਨਾਲ ਸੋਨੇ ਦੀ ਲੁੱਟਖੋਹ ਕਰਨ ਵਾਲਾ ਕਾਂਗਰਸੀ ਆਗੂ ਸੰਤੋਖ ਸਿੰਘ ਹੀਰਾ ਹਲਕਾ ਦੱਖਣੀ ਤੋਂ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦਾ ਖਾਸਮਖਾਸ ਸਾਥੀ ਹੈ, ਜੋ ਕਿ ਵਿਧਾਇਕ ਦੀ ਸ਼ਹਿ ’ਤੇ ਹੀ ਮਾੜੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਇਹ ਵਿਚਾਰ ਹਲਕਾ ਦੱਖਣੀ ਦੇ ਇੰਚਾਰਜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਤਲਬੀਰ ਸਿੰਘ ਗਿੱਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। ਗਿੱਲ ਨੇ ਸੋਨੇ ਦੀ ਲੁੱਟਖੋਹ ਕਰਨ ਵਾਲੇ ਹੀਰਾ ਨਾਲ ਵਿਧਾਇਕ ਬੁਲਾਰੀਆ ਅਤੇ ਉਨ੍ਹਾਂ ਦੇ ਪੀ. ਏ. ਅਰਵਿੰਦਰ ਸਿੰਘ ਭਾਟੀਆ ਅਤੇ ਪੀ. ਏ. ਪ੍ਰਮਜੀਤ ਸਿੰਘ ਦੀਆਂ ਫੋਟੋਆਂ ਪੱਤਰਕਾਰਾਂ ਨੂੰ ਵਿਖਾਉਦਿਆਂ ਆਖਿਆ ਕਿ ਜੇਕਰ ਪੁਲਸ ਡੂੰਘਾਈ ਨਾਲ ਹੀਰਾ ਤੋਂ ਪੁੱਛਗਿੱਛ ਕਰੇ ਤਾਂ ਵਿਧਾਇਕ ਬੁਲਾਰੀਆ ਅਤੇ ਉਸ ਦੇ ਦੋਵੇਂ ਪੀ. ਏ. ਦਾ ਸਾਰਾ ਰੋਲ ਵੀ ਸਾਹਮਣੇ ਆ ਸਕਦਾ ਹੈ, ਜਿਹੜੇ ਕਿ ਇਸ ਘਟਨਾ ’ਚ ਪੂਰੀ ਤਰ੍ਹਾਂ ਨਾਲ ਸ਼ਾਮਲ ਹਨ।
ਇਹ ਵੀ ਪੜ੍ਹੋ : ਸਾਵਧਾਨ ! ਇੰਝ ਵੀ ਹੋ ਸਕਦੀ ਹੈ ਠੱਗੀ, ਨਾ ਕਾਲ ਆਈ ਨਾ OTP ਮੰਗਿਆ, ਫਿਰ ਵੀ ਖਾਤੇ ’ਚੋਂ ਉੱਡੇ ਲੱਖਾਂ ਰੁਪਏ
ਗਿੱਲ ਨੇ ਦੋਸ਼ ਲਗਾਉਦਿਆਂ ਕਿਹਾ ਕਿ ਹਥਿਆਰਾਂ ਦੀ ਨੋਕ ’ਤੇ ਲੁੱਟਖੋਹ ਅਤੇ ਕਬਜੇ ਕਰਨ ਵਾਲੇ ਮਾੜੇ ਅਨਸਰਾਂ ਨੂੰ ਵਿਧਾਇਕ ਬੁਲਾਰੀਆ ਸ਼ੁਰੂ ਤੋਂ ਹੀ ਸ਼ਹਿ ਦਿੰਦਾ ਰਿਹਾ ਹੈ ਅਤੇ ਥੋੜ੍ਹੇ ਦਿਨ ਪਹਿਲਾਂ ਨਾਜਾਇਜ਼ ਹਥਿਆਰਾਂ ਸਮੇਤ ਪੁਲਸ ਵੱਲੋਂ ਕਾਬੂ ਕੀਤੇ ਗਏ ਸਾਬਕਾ ਕੌਂਸਲਰ ਵਿੱਕੀ ਕੰਡਾਂ ਨੂੰ ਵੀ ਉਸ ਨੇ ਵਾਰਡ ਨੰ.37 ਦੀ ਜ਼ਿਮਨੀ ਚੋਣ ’ਚ ਬੂਥ ਇੰਚਾਰਜ ਲਗਾਇਆ ਸੀ। ਗਿੱਲ ਨੇ ਕਿਹਾ ਕਿ ਸੋਨੇ ਦੇ ਕਾਰੋਬਾਰ ਸਬੰਧੀ ਰੋਜੀ ਰੋਟੀ ਕਮਾਉਣ ਲਈ ਅੰਮ੍ਰਿਤਸਰ ਤੋਂ ਯੂ. ਪੀ. ਸਮੇਤ ਹੋਰਨਾ ਰਾਜਾਂ ’ਚ ਜਾਣ ਵਾਲੇ ਬਹੁਤ ਸਾਰੇ ਜਿਊਲਰ ਹੁਣ ਤੱਕ ਲੁੱਟ ਖੋਹ ਦਾ ਸ਼ਿਕਾਰ ਹੋ ਚੁੱਕੇ ਹਨ ਜੇਕਰ ਯੂ. ਪੀ. ਪੁਲਸ ਦੋਸ਼ੀ ਹੀਰਾ ਕੋਲੋਂ ਸਖਤੀ ਨਾਲ ਪੁੱਛਗਿੱਛ ਕਰੇ ਤਾਂ ਵਿਧਾਇਕ ਬੁਲਾਰੀਆ ਸਮੇਤ ਉਸ ਦੇ ਦੋਵੇਂ ਪੀ. ਏ. ਜਲਦ ਸਲਾਖਾਂ ਦੇ ਪਿਛੇ ਹੋ ਸਕਦੇ ਹਨ। ਇਸ ਸਮੇਂ ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ (ਦੋਵੇਂ) ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਸੀਨੀ. ਡਿਪਟੀ ਮੈਅਰ ਅਵਤਾਰ ਸਿੰਘ ਟਰੱਕਾਂ ਵਾਲੇ, ਕ੍ਰਿਸ਼ਨ ਗੋਪਾਲ ਚਾਚੂ, ਮਾਲਕ ਸਿੰਘ ਸੰਧੂ ਤੇ ਹੋਰ ਵੀ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਨੂੰ ਆਲ ਇੰਡੀਆ ਜਾਟ ਮਹਾਂਸਭਾ ਪੰਜਾਬ ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਕੀ ਕਹਿੰਦੇ ਨੇ ਬੁਲਾਰੀਆ
ਇਸ ਸਬੰਧ ’ਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਤਲਬੀਰ ਸਿੰਘ ਗਿੱਲ ਵੱਲੋਂ ਲਗਾਏ ਦੋਸ਼ਾਂ ਨੂੰ ਨਿਕਾਰਦਿਆਂ ਆਖਿਆ ਕਿ ਸਿਆਸੀ ਵਿਅਕਤੀਆਂ ਨਾਲ ਅਣਗਿਣਤ ਲੋਕ ਆ ਕੇ ਮਿਲਦੇ ਹਨ ਤੇ ਫੋਟੋਆਂ ਵੀ ਖਿਚਵਾਉਦੇ ਹਨ, ਕਿਸੇ ਦੀ ਸੋਂਹ ਤਾਂ ਨਹੀਂ ਦਿਤੀ ਜਾਂਦੀ ਕਿ ਉਹ ਵਿਅਕਤੀ ਜ਼ਿੰਦਗੀ ’ਚ ਕਦੇ ਕੁਝ ਗਲਤ ਨਹੀ ਕਰ ਸਕਦੇ। ਉਨ੍ਹਾਂ ਕਿਹਾ ਕਿ ਸੰਤੋਖ ਸਿੰਘ ਹੀਰਾ ਮੇਰਾ ਵਾਕਫ਼ ਸੀ ਪਰ ਉਹ ਕਿਹੋ ਜਿਹੇ ਕੰਮ ਕਰਦਾ ਹੈ, ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਕਦੇ ਕਿਸੇ ਮਾਮਲੇ ’ਚ ਮੈਂ ਉਸ ਦੀ ਪੈਰਵਾਈ ਹੀ ਕੀਤੀ ਸੀ।
ਇਹ ਵੀ ਪੜ੍ਹੋ : ‘ਚਿੱਟੇ’ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ’ਚ ਜਹਾਨੋਂ ਤੁਰ ਗਿਆ ਪੁੱਤ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ