ਪਾਕਿ ਨੇ ਚਾਵਲਾ ਦਾ ਨਾਂ ਵਿਸ਼ੇਸ਼ ਕਮੇਟੀ ''ਚ ਸ਼ਾਮਲ ਕੀਤਾ

Friday, Mar 29, 2019 - 01:56 PM (IST)

ਪਾਕਿ ਨੇ ਚਾਵਲਾ ਦਾ ਨਾਂ ਵਿਸ਼ੇਸ਼ ਕਮੇਟੀ ''ਚ ਸ਼ਾਮਲ ਕੀਤਾ

ਜਲੰਧਰ (ਧਵਨ) - ਪਾਕਿ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 10 ਮੈਂਬਰੀ ਵਿਸ਼ੇਸ਼ ਕਮੇਟੀ ਦਾ ਗਠਨ ਸ੍ਰੀ ਕਰਤਾਰਪੁਰ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਉਣ ਵਾਲੇ ਸ਼ਰਧਾਲੂਆਂ ਦੀ ਮਦਦ ਕਰਨ ਲਈ ਕੀਤਾ ਹੈ। ਇਸ ਕਮੇਟੀ 'ਚ ਵਿਵਾਦਪੂਰਨ ਵਿਅਕਤੀ ਅਤੇ ਖਾਲਿਸਤਾਨੀ ਹਮਾਇਤੀ ਗੋਪਾਲ ਚਾਵਲਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਅੱਤਵਾਦੀ ਹਾਫਿਜ਼ ਸਈਦ ਨਾਲ ਸੰਬੰਧ ਦੱਸੇ ਜਾਂਦੇ ਹਨ। ਪਾਕਿਸਤਾਨ ਦੇ ਫੈਡਰਲ ਮੰਤਰੀ ਚੌਧਰੀ ਫਾਵਦ ਹੁਸੈਨ ਨੇ ਕਮੇਟੀ ਬਣਾਉਂਦੇ ਸਮੇਂ ਕਿਹਾ ਸੀ ਕਿ ਸ੍ਰੀ ਕਰਤਾਰਪੁਰ ਕੋਰੀਡੋਰ ਨੂੰ ਇਸ ਸਾਲ ਨਵੰਬਰ ਮਹੀਨੇ 'ਚ ਖੋਲ੍ਹਿਆ ਜਾ ਰਿਹਾ ਹੈ, ਇਸ ਲਈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 10 ਮੈਂਬਰੀ ਵਿਸ਼ੇਸ਼ ਕਮੇਟੀ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਮਦਦ ਕਰੇਗੀ। 

ਚਾਵਲਾ ਇਸ ਸਮੇਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਨ। ਕਮੇਟੀ ਦਾ ਐਲਾਨ ਹੋਣ ਤੋਂ ਬਾਅਦ ਚਾਵਲਾ ਨੇ ਆਪਣੀ ਫੇਸਬੁੱਕ 'ਤੇ ਸੰਦੇਸ਼ ਵੀ ਅਪਲੋਡ ਕੀਤਾ। ਚਾਵਲਾ ਖਾਲਿਸਤਾਨੀ ਹਮਾਇਤੀ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਕਈ ਵਾਰ ਖਾਲਿਸਤਾਨ ਅਤੇ ਕਸ਼ਮੀਰ ਦੀ ਆਜ਼ਾਦੀ ਲਈ ਆਵਾਜ਼ ਉਠਾਈ ਹੈ। 23 ਮਾਰਚ ਨੂੰ ਪਾਕਿਸਤਾਨ ਦਿਹਾੜੇ ਮੌਕੇ ਚਾਵਲਾ ਨੇ ਪੰਜਾਬ ਅਤੇ ਕਸ਼ਮੀਰ ਦੀ ਤੁਲਨਾ ਫਲਸਤੀਨੀਆਂ ਨਾਲ ਕੀਤੀ ਸੀ। ਚਾਵਲਾ ਉਸ ਸਮੇਂ ਸੁਰਖੀਆਂ ਵਿਚ ਆ ਗਿਆ ਸੀ, ਜਦੋਂ ਉਸ ਨੇ ਅੱਤਵਾਦੀ ਹਾਫਿਜ਼ ਸਈਦ ਦੇ ਨਾਲ ਆਪਣੀਆਂ ਤਸਵੀਰਾਂ ਅਪਲੋਡ ਕੀਤੀਆਂ ਸਨ। ਇਹ ਤਸਵੀਰਾਂ ਗੁਰਦਾਸਪੁਰ ਜ਼ਿਲੇ ਵਿਚ 2015 ਵਿਚ ਹੋਏ ਅੱਤਵਾਦੀ ਹਮਲੇ ਦੇ 10 ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਅਪਲੋਡ ਹੋਈਆਂ ਸਨ। ਉਨ੍ਹਾਂ ਭਾਰਤ ਨੂੰ ਧਮਕੀ ਵੀ ਦਿੱਤੀ ਸੀ ਕਿ ਉਹ ਪੰਜਾਬ ਤੇ ਕਸ਼ਮੀਰ ਨੂੰ ਆਜ਼ਾਦ ਕਰੇ। ਪੰਜਾਬ ਪੁਲਸ ਦੇ ਉੱਚ ਅਧਿਕਾਰੀ ਚਾਵਲਾ ਨੂੰ ਆਈ. ਐੱਸ. ਆਈ. ਦੇ ਨੇੜੇ ਮੰਨਦੇ ਹਨ। ਚਾਵਲਾ ਇਸ ਸਮੇਂ ਪਾਕਿਸਤਾਨ ਵਿਚ ਇਕ ਆਲੀਸ਼ਾਨ ਮਕਾਨ ਵਿਚ ਰਹਿੰਦਾ ਹੈ, ਉਸ ਦੇ ਕੋਲ ਐੱਸ. ਯੂ. ਵੀ. ਅਤੇ ਸੁਰੱਖਿਆ ਵੀ ਹੈ। ਭਾਰਤ ਵਿਰੋਧੀ ਭਾਸ਼ਣਾਂ ਵਿਚ ਉਹ ਅਗਾਂਹਵਧੂ ਰਹਿੰਦਾ ਹੈ। ਇੰਟੈਲੀਜੈਂਸ ਏਜੰਸੀਆਂ ਅਤੇ ਪੁਲਸ ਨੂੰ ਉਸ ਦੀ ਭਾਲ ਹੈ।


author

rajwinder kaur

Content Editor

Related News