ਗੂਗਲ ਤੋਂ ਘੱਟ ਨਹੀਂ ਕੋਟਕਪੂਰਾ ਦਾ 13 ਸਾਲਾ ਵਿਦਿਆਰਥੀ ਰੋਹਨ
Monday, Feb 03, 2020 - 02:54 PM (IST)

ਕੋਟਕਪੂਰਾ (ਨਰਿੰਦਰ) : ਨੇੜਲੇ ਪਿੰਡ ਕੋਟਸੁਖੀਆ ਦੇ ਇਕ ਸਕੂਲ ਦਾ 7ਵੀਂ ਜਮਾਤ ਦਾ ਵਿਦਿਆਰਥੀ ਗੂਗਲ ਤੋਂ ਘੱਟ ਨਹੀਂ ਹੈ ਕਿਉਂਕਿ ਮਹਿਜ਼ 13 ਸਾਲ ਦੇ ਵਿਦਿਆਰਥੀ ਰੋਹਨ ਅਰੋੜਾ ਪੁੱਤਰ ਪ੍ਰਦੀਪ ਕੁਮਾਰ ਅਰੋੜਾ ਵਾਸੀ ਪੁਰਾਣੇ ਡਾਕਖਾਨੇ ਵਾਲੀ ਗਲੀ ਕੋਟਕਪੂਰਾ ਨੂੰ ਮੂੰਹ ਜ਼ੁਬਾਨੀ 50 ਦੇਸ਼ਾਂ ਅਤੇ ਭਾਰਤ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਦਾ ਨਾਮ ਯਾਦ ਹੈ। ਸਥਾਨਕ ਗੁਰਦੁਆਰਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਰੋਹਨ ਅਰੋੜਾ ਨੂੰ ਸਾਲ 2006 ਤੋਂ 2026 ਤੱਕ ਦੇ ਸਮੇਂ ਦਰਮਿਆਨ ਦੀ ਕੋਈ ਵੀ ਤਰੀਕ ਦੱਸਦਿਆਂ ਹੀ ਉਹ ਉਸ ਦਿਨ ਕੀ ਦਿਨ ਸੀ ਜਾਂ ਹੋਵੇਗਾ ਬਾਰੇ ਤੁਰੰਤ ਜਵਾਬ ਦੇ ਦਿੰਦਾ ਹੈ।
ਰੋਹਨ ਅਰੋੜਾ ਨੇ ਦੱਸਿਆ ਕਿ ਉਸ ਨੇ ਗੂਗਲ 'ਤੇ ਸਰਚ ਮਾਰ ਕੇ ਸਾਲ 1912, 1915 ਅਤੇ 1997 ਦੇ ਕੈਲੰਡਰਾਂ ਦੀਆਂ ਸਿਲਸਿਲੇਵਾਰ ਤਰੀਕਾਂ ਨਾਲ ਰਲਦੇ ਦਿਨਾਂ ਬਾਰੇ ਪੜ੍ਹਿਆ ਅਤੇ ਉਸਨੂੰ ਯਾਦ ਹੋ ਗਏ। ਹੁਣ ਉਹ 1912 ਅਰਥਾਤ 108 ਸਾਲ ਪੁਰਾਣੇ ਕੈਲੰਡਰ ਦੀਆਂ ਤਰੀਕਾਂ ਦੱਸ ਕੇ ਦਿਨ ਪੁੱਛਣ ਵਾਲਿਆਂ ਨੂੰ ਸਹੀ ਜਵਾਬ ਦੇਣ ਦੇ ਸਮਰੱਥ ਹੈ। ਉਸਦੇ ਪਿਤਾ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਰੋਹਨ ਅਰੋੜਾ ਨੂੰ ਸਿੱਖ ਇਤਿਹਾਸ ਬਾਰੇ ਵੀ ਬਹੁਤ ਜਾਣਕਾਰੀ ਹੈ ਅਤੇ ਉਹ ਸਕੂਲ 'ਚੋਂ ਅਨੇਕਾਂ ਇਨਾਮ ਜਿੱਤਣ ਦੇ ਨਾਲ-ਨਾਲ ਜੈਕਾਰਾ ਮੂਵਮੈਂਟ ਵਲੋਂ ਸ਼ੁਰੂ ਕੀਤੇ ਸਵਾਲ-ਜਵਾਬ ਵਾਲੇ ਲਾਈਵ ਕੁਇਜ਼ ਪ੍ਰੋਗਰਾਮਾਂ 'ਚੋਂ ਵੀ ਅਨੇਕਾਂ ਇਨਾਮ ਜਿੱਤ ਚੁੱਕਾ ਹੈ।