ਪੰਜਾਬ ਦੇ ਕਿਸਾਨਾਂ ਲਈ ਖੁਸ਼ਖਬਰੀ, ਸੋਮਵਾਰ ਤੋਂ ਮਿਲੇਗੀ ਝੋਨੇ ਦੀ ਪੇਮੈਂਟ
Sunday, Oct 14, 2018 - 02:20 PM (IST)

ਚੰਡੀਗੜ੍ਹ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਤੋਂ ਮਨਜ਼ੂਰੀ ਪਿੱਛੋਂ ਸਰਕਾਰ ਸੋਮਵਾਰ ਤੋਂ ਕਿਸਾਨਾਂ ਨੂੰ ਫਸਲ ਖਰੀਦ ਦਾ ਭੁਗਤਾਨ ਸ਼ੁਰੂ ਕਰ ਦੇਵੇਗੀ। ਆਰ. ਬੀ. ਆਈ. ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੂੰ ਸਾਉਣੀ ਫਸਲ ਖਰੀਦਣ ਲਈ 29,695.40 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ (ਸੀ. ਸੀ. ਐੱਲ.) ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫਤਰ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਖਾਤਿਆਂ 'ਚ ਸੋਮਵਾਰ ਤੋਂ ਧਨ ਰਾਸ਼ੀ ਟਰਾਂਸਫਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਕੇਂਦਰ ਸਰਕਾਰ ਨੇ ਸੂਬੇ ਨੂੰ ਝੋਨੇ ਦੀ ਖਰੀਦ ਲਈ ਲੋੜੀਂਦੇ 40 ਹਜ਼ਾਰ 300 ਕਰੋੜ ਰੁਪਏ 'ਚੋਂ 29,695.40 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ (ਸੀ. ਸੀ. ਐੱਲ.) ਨੂੰ ਪ੍ਰਵਾਨਗੀ ਦਿੱਤੀ ਸੀ। ਪੰਜਾਬ ਸਰਕਾਰ ਨੂੰ ਝੋਨੇ ਦੀ ਖਰੀਦ ਲਈ ਪਹਿਲੀ ਕਿਸ਼ਤ ਵਜੋਂ ਇਹ ਰਾਸ਼ੀ ਮਿਲੀ ਹੈ ਅਤੇ ਬਾਕੀ ਰਾਸ਼ੀ ਬਾਅਦ 'ਚ ਜਾਰੀ ਕੀਤੀ ਜਾਵੇਗੀ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਸਾਰੀਆਂ ਖਰੀਦ ਏਜੰਸੀਆਂ ਨੂੰ ਝੋਨੇ ਦੀ ਚੁਕਾਈ ਨੂੰ ਯਕੀਨੀ ਬਣਾਉਣ ਅਤੇ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਵਾਸਤੇ ਪਹਿਲਾਂ ਹੀ ਹੁਕਮ ਜਾਰੀ ਕੀਤੇ ਹੋਏ ਹਨ। ਸਰਕਾਰ ਵੱਲੋਂ ਇਸ ਸਾਲ ਮੰਡੀਆਂ 'ਚ ਆਉਣ ਵਾਲੇ ਅੰਦਾਜ਼ਨ 200 ਲੱਖ ਟਨ ਝੋਨੇ ਦੀ ਖਰੀਦ ਹੋਣ ਦੀ ਉਮੀਦ ਹੈ।ਸਾਉਣੀ ਸੀਜ਼ਨ 2017-18 ਦੌਰਾਨ ਕੁੱਲ 179.34 ਲੱਖ ਟਨ ਝੋਨਾ ਖਰੀਦਿਆ ਗਿਆ ਸੀ।ਇਸ 'ਚੋਂ ਸਰਕਾਰੀ ਏਜੰਸੀਆਂ ਵੱਲੋਂ 176.61 ਲੱਖ ਟਨ ਜਦੋਂ ਕਿ ਵਪਾਰੀਆਂ/ਮਿਲਰਾਂ ਵੱਲੋਂ 2.73 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।ਮੌਜੂਦਾ ਸਾਉਣੀ ਸੀਜ਼ਨ 2018-19 ਦੌਰਾਨ ਸੂਬਾ ਏਜੰਸੀਆਂ ਵੱਲੋਂ 190 ਲੱਖ ਟਨ ਅਤੇ ਐੱਫ. ਸੀ. ਆਈ. ਵੱਲੋਂ 10 ਲੱਖ ਟਨ ਝੋਨਾ ਖਰੀਦਿਆ ਜਾਵੇਗਾ।