ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਆਖਰੀ ਸਟੇਜ ’ਤੇ ਵੀ ਮਿਲਦੀ ਹੈ ਉਮੀਦ ਦੀ ਕਿਰਨ

02/21/2024 6:26:31 PM

ਜਲੰਧਰ (ਇੰਟ.) : ਕੁਝ ਕੈਂਸਰ ਦੇ ਰੋਗੀਆਂ ਨੂੰ ਮੌਤ ਦੇ ਮੂੰਹ ਤੋਂ ਬਚਾਉਣ ਲਈ ਦੇਸ਼ ’ਚ ਇਮਿਊਨੋਥੈਰੇਪੀ ਵਰਦਾਨ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ। ਸਾਡੇ ਦੇਸ਼ ਦੇ ਮਾਹਿਰ ਡਾਕਟਰ ਤੀਜੀ ਅਤੇ ਚੌਥੀ ਸਟੇਜ ਦੇ ਕੈਂਸਰ ਦੇ ਕਈ ਮਰੀਜ਼ਾਂ ਨੂੰ ਇਸ ਇਲਾਜ ਰਾਹੀਂ ਨਵੀਂ ਜ਼ਿੰਦਗੀ ਦੇ ਚੁੱਕੇ ਹਨ। ਠੀਕ ਹੋਏ ਮਰੀਜ਼ਾਂ ’ਚ ਹੁਣ ਕੈਂਸਰ ਦੇ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਪਾਏ ਗਏ ਹਨ। ਇਸ ਇਲਾਜ ਨਾਲ ਕੈਂਸਰ ਦੇ ਮਰੀਜ਼ ਚੰਗਾ ਜੀਵਨ ਜ਼ਿਆਦਾ ਦੇਰ ਤੱਕ ਜੀ ਰਹੇ ਹਨ। ਇਥੋਂ ਤੱਕ ਕਿ ਕੈਂਸਰ ਆਖਰੀ ਸਟੇਜ ਦੇ ਮਰੀਜ਼ਾਂ ’ਤੇ ਵੀ ਇਹ ਕਾਫ਼ੀ ਅਸਰਦਾਰ ਹੈ। ਅਸਲ ’ਚ ਕਈ ਕੈਂਸਰ ਮਰੀਜ਼ਾਂ ’ਚ ਡੀ. ਐੱਨ. ਏ. ਦੀ ਮੁਰੰਮਤ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਜਿਸ ਨਾਲ ਕੈਂਸਰ ਫੈਲਦਾ ਹੈ ਪਰ ਇਮਿਊਨੋਥੈਰੇਪੀ ਇਸ ਕਮੀ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ ਅਤੇ ਮਰੀਜ਼ ਨੂੰ ਬਚਾ ਲੈਂਦੀ ਹੈ।

ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਸਿੱਖ ਅਫ਼ਸਰ ’ਤੇ ਸਵਾਲ ਚੁੱਕਣ ’ਤੇ ਭਾਜਪਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਠੋਕਵਾਂ ਜਵਾਬ

ਗੁਰਦੇ, ਪੇਟ, ਫੇਫੜੇ ਅਤੇ ਛਾਤੀ ਦੇ ਕੈਂਸਰ ਦਾ ਇਲਾਜ ਸੰਭਵ
ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਦਿੱਲੀ ਪੁਲਸ ਦੇ ਇਕ ਰਿਟਾਇਰਡ ਅਧਿਕਾਰੀ ਦੀ 68 ਸਾਲਾ ਪਤਨੀ ਨੇ 2016 ’ਚ ਤੀਜੀ ਸਟੇਜ ਦੇ ਫੇਫੜਿਆਂ ਦੇ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਜਿਊਣ ਦੀਆਂ ਸਾਰੀਆਂ ਉਮੀਦਾਂ ਗੁਆ ਦਿੱਤੀਆਂ ਸਨ ਪਰ ਇਮਿਊਨੋਥੈਰੇਪੀ ਦੇ ਇਲਾਜ ਤੋਂ ਬਾਅਦ ਹੁਣ ਉਹ ਆਮ ਜੀਵਨ ਜੀਅ ਰਹੀ ਹੈ। ਰਿਪੋਰਟ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਕ ਹੋਰ ਕਾਰੋਬਾਰੀ (52) ਨੂੰ 2020 ’ਚ ਚੌਥੀ ਸਟੇਜ ਰੀਨਲ ਸੈੱਲ ਕਾਰਸੀਨੋਮਾ ਦਾ ਪਤਾ ਲੱਗਾ ਸੀ ਅਤੇ ਹੁਣ ਫੋਰਟਿਸ ਹਸਪਤਾਲ ’ਚ ਆਪਣੀ ਸਰਜਰੀ ਤੋਂ ਬਾਅਦ ਇਮਿਊਨੋਥੈਰੇਪੀ ਕਰਵਾਉਣ ਤੋਂ ਬਾਅਦ ਉਹ ਆਮ ਜੀਵਨ ਜੀਅ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਰੀਜ਼ਾਂ ਲਈ ਸਭ ਤੋਂ ਵਧੀਆ ਇਲਾਜ ਹੈ ਪਰ ਬਦਕਿਸਮਤੀ ਨਾਲ ਸਿਰਫ਼ ਅਮੀਰ ਲੋਕ ਹੀ ਇਸ ਨੂੰ ਕਰਵਾ ਸਕਦੇ ਹਨ ਕਿਉਂਕਿ ਇਹ ਮਹਿੰਗਾ ਹੈ। ਮੀਡੀਆ ਰਿਪੋਰਟਾਂ ’ਚ ਅਜਿਹੇ ਕਈ ਤਰ੍ਹਾਂ ਦੇ ਗੁਰਦੇ, ਪੇਟ, ਫੇਫੜੇ ਅਤੇ ਛਾਤੀ ਦੇ ਕੈਂਸਰ ਵਾਲੇ ਤੀਜੀ ਅਤੇ ਚੌਥੀ ਸਟੇਜ ਦੇ ਕਈ ਮਰੀਜ਼ਾਂ ਦੇ ਠੀਕ ਹੋਣ ਦਾ ਜ਼ਿਕਰ ਕੀਤਾ ਗਿਆ ਹੈ।

ਇਮਿਊਨੋਥੈਰੇਪੀ ਦਵਾਈਆਂ ਕਿੰਨੀਆਂ ਅਸਰਦਾਰ
ਰਿਪੋਰਟ ’ਚ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਗੁੜਗਾਓਂ ਦੇ ਮੈਡੀਕਲ ਆਨਕੋਲਾਜੀ ਅਤੇ ਹੈਮੋਟੋਲਾਜੀ ਦੇ ਸੀਨੀਅਰ ਡਾਇਰੈਕਟਰ ਡਾ. ਅੰਕੁਰ ਬਹਿਲ ਨੇ ਕਿਹਾ,‘‘ਹਾਲਾਂਕਿ ਇਮਿਊਨੋਥੈਰੇਪੀ ਦਵਾਈਆਂ ਦੇ ਪ੍ਰਤੀ ਕੈਂਸਰ ਦੇ ਮਰੀਜ਼ਾਂ ਦੀ ਔਸਤ ਪ੍ਰਤੀਕਿਰਿਆ ਦਰ 20 ਤੋਂ 50 ਫੀਸਦੀ ਦੇ ਵਿਚਾਲੇ ਦੀ ਹੈ, ਜੇ ਰੋਗੀਆਂ ਦੀ ਸਹੀ ਚੋਣ ਕੀਤੀ ਜਾਵੇ ਤਾਂ ਪ੍ਰਤੀਕਿਰਿਆ 70 ਫੀਸਦੀ ਤੱਕ ਹੋ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਇਸ ਨਾਲ ਹਮੇਸ਼ਾ ਇਲਾਜ ਨਹੀਂ ਹੋ ਸਕਦਾ ਹੈ ਪਰ ਇਹ ਯਕੀਨੀ ਤੌਰ ’ਤੇ ਜਿਊਂਦੇ ਰਹਿਣ ਦੀ ਮਿਆਦ ਨੂੰ ਵਧਾ ਸਕਦਾ ਹੈ ਅਤੇ ਉੱਨਤ ਕੈਂਸਰ ਵਾਲੇ ਕੁਝ ਵਿਅਕਤੀਆਂ ਦੇ ਜੀਵਨ ’ਚ ਸੁਧਾਰ ਕਰ ਸਕਦਾ ਹੈ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੇ ਰਿਸ਼ਤੇਦਾਰ ਦੇ ਨਾਂ ’ਤੇ ਚੰਡੀਗੜ੍ਹ ਦੀ ਔਰਤ ਤੋਂ 75 ਲੱਖ ਦੀ ਠੱਗੀ, ਹੈਰਾਨ ਕਰੇਗਾ ਮਾਮਲਾ

ਕਿਵੇਂ ਕੰਮ ਕਰਦੀ ਹੈ ਇਮਿਊਨੋਥੈਰੇਪੀ
ਇਕ ਅਧਿਐਨ ਅਨੁਸਾਰ ਐਂਡੋਮੈਟ੍ਰੀਅਲ (ਬੱਚੇਦਾਨੀ ਸਬੰਧੀ) ਕੈਂਸਰ ਅਤੇ ਕੋਲੋਨ (ਗੁਦਾ ਸਬੰਧੀ) ਕੈਂਸਰ ਦੇ ਕੁਝ ਮਰੀਜ਼ਾਂ ਲਈ ਵੀ ਇਮਿਊਨੋਥੈਰੇਪੀ ਕਾਫੀ ਲਾਭਦਾਇਕ ਸਾਬਿਤ ਹੋ ਸਕਦੀ ਹੈ। ਇਮਿਊਨੋਥੈਰੇਪੀ ਇਕ ਅਜਿਹਾ ਇਲਾਜ ਹੈ, ਜੋ ਮਰੀਜ਼ਾਂ ਦੀ ਰੋਗਨਾਸ਼ਕ ਸਮਰੱਥਾ ਨੂੰ ਮਜ਼ਬੂਤ ਕਰਦਾ ਹੈ ਤਾਂ ਕਿ ਉਹ ਸਰੀਰ ’ਚ ਮੌਜੂਦ ਕੈਂਸਰ ਸੈੱਲਾਂ ਨਾਲ ਲੜ ਸਕੇ।

ਕੀ ਹੈ ਮਾਹਿਰ ਡਾਕਟਰਾਂ ਦੀ ਰਾਏ
ਬੀ. ਐੱਲ. ਕੇ. ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ’ਚ ਮੈਡੀਕਲ ਆਨਕੋਲਾਜੀ ਦੇ ਸੀਨੀਅਰ ਡਾਇਰੈਕਟਰ ਡਾ. ਸੱਜਨ ਰਾਜਪੁਰੋਹਿਤ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਮਿਊਨੋਥੈਰੇਪੀ ਵਿਸ਼ੇਸ਼ ਤੌਰ ’ਤੇ ਕਿਡਨੀ, ਪੇਟ, ਫੇਫੜੇ ਅਤੇ ਛਾਤੀ ਦੇ ਕੈਂਸਰ ਵਰਗੇ ਚੌਥੀ ਸਟੇਜ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ ’ਤੇ ਲਾਹੇਵੰਦ ਹੈ। ਇਸ ਨੇ ਅਜਿਹੇ ਰੋਗੀਆਂ ਦੀ ਸੰਪੂਰਨ ਹੋਂਦ ’ਚ ਮਹੱਤਵਪੂਰਨ ਸੁਧਾਰ ਕੀਤਾ ਹੈ। ਏਮਸ ’ਚ ਪਲਮੋਨੋਲਾਜੀ ਵਿਭਾਗ ਦੇ ਮੁਖੀ ਡਾ. ਅਨੰਤ ਮੋਹਨ ਕਹਿੰਦੇ ਹਨ ਕਿ ਇਮਿਊਨੋਥੈਰੇਪੀ ਸਹੀ ਢੰਗ ਨਾਲ ਚੁਣੇ ਗਏ ਰੋਗੀਆਂ ਲਈ ਇਕ ਉਮੀਦਜਨਕ ਇਲਾਜ ਹੈ। ਇਸ ਨਾਲ ਸਹਿਮਤੀ ਜਤਾਉਂਦੇ ਹੋਏ ਏਮਸ ’ਚ ਮੈਡੀਕਲ ਆਨਕੋਲੋਜੀ ਦੇ ਪ੍ਰੋਫੈਸਰ ਡਾ. ਪ੍ਰਭਾਤ ਮਲਿਕ ਵੀ ਕਹਿੰਦੇ ਹਨ ਕਿ ਇਹ ਸਭ ਤੋਂ ਮਹੱਤਵਪੂਰਨ ਅਤੇ ਜ਼ਿਕਰਯੋਗ ਇਲਾਜਾਂ ’ਚੋਂ ਇਕ ਹੈ ਪਰ ਸਮੱਸਿਆ ਇਹ ਹੈ ਕਿ ਇਹ ਸਾਰੇ ਰੋਗੀਆਂ ਲਈ ਇਕੋ ਜਿਹਾ ਕੰਮ ਨਹੀਂ ਕਰ ਸਕਦੀ ਹੈ। ਸ਼ਾਇਦ ਇਸ ਥੈਰੇਪੀ ਨਾਲ ਇਲਾਜ ਕਰਾਉਣ ਵਾਲੇ 25-30 ਫੀਸਦੀ ਰੋਗੀਆਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਕੁਝ ਬਾਇਓਮਾਰਕਰ ਹਨ, ਜਿਨ੍ਹਾਂ ’ਤੇ ਡਾਕਟਰ ਇਸ ਇਲਾਜ ਦੀ ਸਲਾਹ ਦੇਣ ਤੋਂ ਪਹਿਲਾਂ ਯਕੀਨੀ ਤੌਰ ’ਤੇ ਵਿਚਾਰ ਕਰਦੇ ਹਨ। ਜੋ ਲੋਕ ਉਨ੍ਹਾਂ ਬਾਇਓਮਾਰਕਰ ਪ੍ਰਤੀ ਹਾਂ-ਪੱਖੀ ਹਨ, ਉਨ੍ਹਾਂ ਨੂੰ ਲਾਭ ਹੋਣ ਦੀ ਜ਼ਿਆਦਾ ਸੰਭਾਵਨਾ ਹੈ।

ਇਹ ਵੀ ਪੜ੍ਹੋ : ਜਲੰਧਰ ’ਚ 23 ਫਰਵਰੀ ਨੂੰ ਛੁੱਟੀ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Anuradha

Content Editor

Related News