ਸੁਨਿਆਰ ਦਾ ਕਾਰੀਗਰ ਸਾਢੇ 5 ਤੋਲੇ ਸੋਨਾ ਲੈ ਕੇ ਫ਼ਰਾਰ, ਪੁਲਸ ਨੂੰ ਦਿੱਤੀ ਸ਼ਿਕਾਇਤ

Wednesday, Sep 08, 2021 - 02:28 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਵਿਖੇ ਇੱਕ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਦਾ ਕਾਰੀਗਰ ਸਾਢੇ 5 ਤੋਲਾ ਸੋਨਾ ਲੈ ਕੇ ਫ਼ਰਾਰ ਹੋ ਗਿਆ। ਪੁਲਸ ਵੱਲੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਨੀਵਾਂ ਬਜ਼ਾਰ ’ਚ ਪ੍ਰਿੰਸ ਜਿਊਲਰਜ਼ ਦੇ ਮਾਲਕ ਸੁਰਿੰਦਰ ਵਰਮਾ ਨੇ ਦੱਸਿਆ ਕਿ ਪਿਛਲੇ 3 ਸਾਲ ਤੋਂ ਉਸ ਕੋਲ ਇੱਕ ਕਾਰੀਗਰ ਸ਼੍ਰੀਕਾਂਤ ਕੰਮ ਕਰ ਰਿਹਾ ਹੈ, ਜਿਸ ਕੋਲ ਉਹ ਆਪਣੇ ਸੋਨੇ ਦੇ ਗਹਿਣੇ ਤਿਆਰ ਕਰਵਾਉਂਦਾ ਰਿਹਾ। 2 ਦਿਨ ਪਹਿਲਾਂ ਉਸ ਨੇ ਸਾਢੇ 5 ਤੋਲਾ ਸੋਨਾ ਆਪਣੇ ਕਾਰੀਗਰ ਸ਼੍ਰੀਕਾਂਤ ਨੂੰ ਤਿਆਰ ਕਰਨ ਲਈ ਦੇ ਦਿੱਤਾ ਪਰ ਬੀਤੀ ਬਾਅਦ ਦੁਪਹਿਰ ਅਚਨਚੇਤ ਉਹ ਫ਼ਰਾਰ ਹੋ ਗਿਆ। ਕਾਰੀਗਰ ਸ਼੍ਰੀਕਾਂਤ ਜੋ ਕਿ ਪਿੱਛੋਂ ਬੰਗਾਲ ਦਾ ਰਹਿਣ ਵਾਲਾ ਹੈ, ਉਸ ਵੱਲੋਂ ਸਾਢੇ 5 ਤੋਲੇ ਸੋਨਾ ਲੈ ਕੇ ਜਾਣ ਦੀ ਸੂਚਨਾ ਮਾਛੀਵਾੜਾ ਪੁਲਸ ਨੂੰ ਦੇ ਦਿੱਤੀ ਗਈ ਹੈ।

ਇੱਕ ਹੋਰ ਸੁਨਿਆਰੇ ਨਾਲ ਨਿਵੇਕਲੇ ਢੰਗ ਨਾਲ ਵੱਜੀ ਠੱਗੀ

ਮਾਛੀਵਾੜਾ ਵਿਖੇ ਹੀ ਇੱਕ ਸੁਨਿਆਰ ਦੀ ਦੁਕਾਨ ਕਰਦੇ ਦੁਕਾਨਦਾਰ ਨਾਲ ਬੜੇ ਨਿਵੇਕਲੇ ਢੰਗ ਨਾਲ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੇ ਸੁਨਿਆਰੇ ਨੂੰ ਵਟਸਐਪ ਰਾਹੀਂ ਕਾਲ ਕੀਤੀ ਕਿ ਉਹ ਬੈਂਕ ਦਾ ਮੈਨੇਜਰ ਬੋਲ ਰਿਹਾ ਹੈ, ਜਿਸ ਨੇ ਕਿ 2 ਸੋਨੇ ਦੀਆਂ ਅੰਗੂਠੀਆਂ ਖਰੀਦਣੀਆਂ ਹਨ। ਮੈਨੇਜਰ ਦੱਸਣ ਵਾਲੇ ਠੱਗ ਨੇ ਵਟਸਐਪ ਰਾਹੀਂ ਹੀ ਦੋ ਸੋਨੇ ਦੀ ਅੰਗੂਠੀਆਂ ਪਸੰਦ ਕੀਤੀਆਂ ਅਤੇ ਸੁਨਿਆਰ ਨੂੰ ਕਿਹਾ ਕਿ ਉਹ ਬੈਂਕ ’ਚ ਆ ਕੇ ਗਹਿਣੇ ਦੇ ਕੇ ਆਪਣੀ ਬਣਦੀ ਅਦਾਇਗੀ ਲੈ ਜਾਵੇ। ਸੁਨਿਆਰ ਜਦੋਂ ਬੈਂਕ ਦੇ ਬਾਹਰ ਪੁੱਜਾ ਤਾਂ ਉੱਥੇ ਭੀੜ ਹੋਣ ਕਾਰਨ ਮੈਨੇਜਰ ਨੂੰ ਅੰਦਰ ਆਉਣ ਲਈ ਫੋਨ ਕੀਤਾ ਤਾਂ ਇਸ ਕਥਿਤ ਠੱਗ ਨੇ ਕਿਹਾ ਕਿ ਬੈਂਕ ਦੇ ਬਾਹਰ ਕਾਰ ਖੜ੍ਹੀ ਹੈ, ਉਸ ਨੂੰ ਗਹਿਣੇ ਫੜ੍ਹਾ ਦੇਵੇ ਅਤੇ ਬਣਦੀ ਰਾਸ਼ੀ ਬੈਂਕ ਅੰਦਰ ਆ ਕੇ ਲੈ ਜਾਵੇ। ਸੁਨਿਆਰ ਨੇ ਦੋਵੇਂ ਸੋਨੇ ਦੀਆਂ ਅੰਗੂਠੀਆਂ ਕਾਰ ਚਾਲਕ ਨੂੰ ਫੜ੍ਹਾ ਦਿੱਤੀਆਂ ਅਤੇ ਜਦੋਂ ਬੈਂਕ ਅੰਦਰ ਮੈਨੇਜਰ ਕੋਲ ਗਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਖ਼ਿਸਕ ਹੀ ਗਈ ਕਿ ਉਸਨੇ ਤਾਂ ਕੋਈ ਗਹਿਣਿਆਂ ਦਾ ਆਰਡਰ ਹੀ ਨਹੀਂ ਦਿੱਤਾ। ਇਸ ਘਟਨਾ ਦੀ ਸੂਚਨਾ ਵੀ ਸੁਨਿਆਰ ਵੱਲੋਂ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਬੈਂਕ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਕਾਰ ਅਤੇ ਠੱਗਾਂ ਦੀ ਕੁੱਝ ਪਛਾਣ ਹੋ ਸਕੇ। 
 


Babita

Content Editor

Related News