ਡੀ. ਸੀ. ਨੇ ਹੱਥ ਜੋੜੇ, ਨਹੀਂ ਮੰਨੇ ਕਿਸਾਨ, ਤਰਨਤਾਰਨ ਦੇ ਰਸਤੇ ਅੰਮ੍ਰਿਤਸਰ ਪਹੁੰਚੀ ਗੋਲਡਨ ਟੈਂਪਲ ਐਕਸਪ੍ਰੈੱਸ
Wednesday, Nov 25, 2020 - 01:50 PM (IST)
ਅੰਮ੍ਰਿਤਸਰ/ਬਾਬਾ ਬਕਾਲਾ ਸਾਹਿਬ (ਨੀਰਜ, ਰਾਕੇਸ਼) : ਕਿਸਾਨ ਯੂਨੀਅਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਖੇਤੀ ਬਿੱਲ ਖ਼ਿਲਾਫ਼ ਜਾਰੀ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕੀਤੇ ਜਾਣ ਦੇ ਬਾਵਜੂਦ ਕਿਸਾਨ ਮਜ਼ਦੂਰ ਯੂਨੀਅਨ ਨੇ ਜੰਡਿਆਲਾ ਗੁਰੂ ਸਟੇਸ਼ਨ 'ਤੇ ਧਰਨਾ ਜਾਰੀ ਰੱਖਿਆ। ਆਲਮ ਇਹ ਰਿਹਾ ਕਿ ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ ਕਈ ਘੰਟਿਆਂ ਤਕ ਕਿਸਾਨਾਂ ਨੂੰ ਮਨਾਉਂਦੇ ਰਹੇ ਅਤੇ ਹੱਥ ਜੋੜਦੇ ਰਹੇ ਪਰ ਕਿਸਾਨ ਨਹੀਂ ਮੰਨੇ । ਕਿਸਾਨਾਂ ਦੇ ਅੱੜੀਅਲ ਰਵੱਈਏ ਕਾਰਣ ਮੁੰਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਗੋਲਡਨ ਟੈਂਪਲ ਐਕਸਪ੍ਰੈੱਸ ਨੂੰ ਬਿਆਸ ਰੇਲਵੇ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ ਅਤੇ ਤਰਨਤਾਰਨ ਜ਼ਿਲ੍ਹੇ ਦੇ ਰੂਟ ਰਾਹੀਂ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਲਿਆਂਦਾ ਗਿਆ । ਜਾਣਕਾਰੀ ਅਨੁਸਾਰ ਡੀ. ਸੀ. ਗੁਰਪ੍ਰੀਤ ਸਿੰਘ ਖਹਿਰਾ, ਐੱਸ. ਐੱਸ. ਪੀ. ਦਿਹਾਤੀ ਧਰੁਵ ਦਹੀਆ ਅਤੇ ਹੋਰ ਪ੍ਰਬੰਧਕੀ ਅਧਿਕਾਰੀ ਸਵੇਰੇ 4 ਵਜੇ ਹੀ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਮਨਾਉਣ ਚਲੇ ਗਏ। ਕਿਸਾਨਾਂ ਦੇ ਨਾ ਮੰਨਣ 'ਤੇ ਗੋਲਡਨ ਟੈਂਪਲ ਐਕਸਪ੍ਰੈੱਸ ਨੂੰ ਬਿਆਸ ਸਟੇਸ਼ਨ 'ਤੇ ਰੋਕਿਆ ਗਿਆ ਅਤੇ ਮੁਸਾਫਰਾਂ ਨੂੰ ਅੰਮ੍ਰਿਤਸਰ ਲਿਆਉਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਪਰ ਜ਼ਿਆਦਾਤਰ ਮੁਸਾਫਰਾਂ ਨੇ ਟ੍ਰੇਨ ਰਾਹੀਂ ਹੀ ਅੰਮ੍ਰਿਤਸਰ ਜਾਣ ਦੀ ਇੱਛਾ ਜਤਾਈ। ਤਰਨਤਾਰਨ ਰਾਹੀਂ ਗੋਲਡਨ ਟੈਂਪਲ ਐਕਸਪ੍ਰੈੱਸ ਸਵੇਰੇ 8. 45 ਮਿੰਟ 'ਤੇ ਅੰਮ੍ਰਿਤਸਰ ਪਹੁੰਚੀ।
ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਚੋਣਾਂ : ਭਾਈ ਲੌਂਗੋਵਾਲ ਦਾ ਨਿਰਵਿਰੋਧ ਪ੍ਰਧਾਨ ਚੁਣਿਆ ਜਾਣਾ ਤੈਅ
ਮੁਸਾਫਰਾਂ ਨੇ ਵੀ ਕੀਤਾ ਕਿਸਾਨਾਂ ਦਾ ਸਮਰਥਨ ਪਰ ਰੇਲ ਰੋਕਣ ਤੋਂ ਹੋਏ ਨਾਰਾਜ਼
ਕਿਸਾਨ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦਾ ਸਾਰੇ ਮੁਸਾਫਰਾਂ ਨੇ ਸਮਰਥਨ ਕੀਤਾ ਹੈ ਪਰ ਕਿਸਾਨਾਂ ਦੇ ਅੱੜੀਅਲ ਰਵੱਈਏ ਤੋਂ ਯਾਤਰੀ ਵੀ ਕਾਫ਼ੀ ਨਾਰਾਜ਼ ਹੋਏ । ਮੁਸਾਫਰਾਂ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹਨ ਪਰ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ, ਆਮ ਜਨਤਾ ਨਾਲ ਨਹੀਂ । ਰੇਲ ਰੋਕੋ ਅੰਦੋਲਨ ਕਾਰਣ ਲੱਖਾਂ ਮੁਸਾਫਰਾਂ ਨੂੰ ਆਉਣ-ਜਾਣ 'ਚ ਪ੍ਰੇਸ਼ਾਨੀ ਹੋ ਰਹੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ, ਨਾ ਕਿ ਆਮ ਮੁਸਾਫਰਾਂ ਨੂੰ ਪ੍ਰੇਸ਼ਾਨ ਕਰਨ। ਸੂਰਤ ਤੋਂ ਆਏ 7 ਮੈਂਬਰਾਂ ਦੇ ਇਕ ਪਰਿਵਾਰ ਨੇ ਦੱਸਿਆ ਕਿ ਅਸੀਂ ਸਵੇਰੇ 6 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਵਾਲੇ ਸਨ ਪਰ ਰਸਤੇ ਵਿਚ ਆਈ ਰੁਕਾਵਟ ਕਾਰਣ ਉਨ੍ਹਾਂ ਦਾ ਸਾਰਾ ਪ੍ਰੋਗਰਾਮ ਖ਼ਰਾਬ ਹੋ ਗਿਆ । ਮੁਸਾਫਰਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਅੰਦੋਲਨ ਦਾ ਤਰੀਕਾ ਬਦਲਣ ਦੀ ਲੋੜ ਹੈ ਤਾਂ ਕਿ ਆਮ ਜਨਤਾ ਨੂੰ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ : ਚਰਚਿਤ ਡੇਰਾ ਪ੍ਰੇਮੀ ਕਤਲ ਕਾਂਡ 'ਚ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ, ਮੁਲਜ਼ਮਾਂ ਦੇ ਨੇੜੇ ਪੁੱਜੀ ਪੁਲਸ