35 ਲੱਖ ਦੇ ਟਰਾਂਜਿਸਟਰ ਸਮੇਤ 71 ਲੱਖ ਦਾ ਸੋਨਾ ਜ਼ਬਤ
Wednesday, Dec 16, 2020 - 12:33 AM (IST)
ਅੰਮ੍ਰਿਤਸਰ, (ਨੀਰਜ)- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ’ਤੇ ਕਸਟਮ ਵਿਭਾਗ ਦੀ ਟੀਮ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 35 ਲੱਖ ਰੁਪਏ ਦੇ ਟਰਾਂਜਿਸਟਰ ਸਮੇਤ 71 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਕਾਰਵਾਈ ਦੋ ਵੱਖ-ਵੱਖ ਕੇਸਾਂ ਵਿਚ ਕੀਤੀ ਗਈ ਹੈ। ਇਕ ਹੋਰ ਕੇਸ ਵਿਚ ਵਿਭਾਗ ਦੀ ਟੀਮ ਨੇ 2 ਨੌਜਵਾਨਾਂ ਦੀਆਂ ਪੱਗਾਂ ’ਚੋਂ ਸੋਨਾ ਜ਼ਬਤ ਕੀਤਾ। ਹਾਲਾਂਕਿ ਸ਼ੁਰੂਆਤ ਵਿਚ ਸੋਨੇ ਦਾ ਪਤਾ ਨਹੀਂ ਚੱਲਿਆ ਕਿ ਇਹ ਕਿੱਥੇ ਲੁਕਾਇਆ ਹੋਇਆ ਹੈ ਪਰ ਮੈਟਲ ਡਿਟੈਕਟਰ ਵਾਰ-ਵਾਰ ਵੱਜਦਾ ਰਿਹਾ, ਜਿਸ ’ਤੇ ਵਿਭਾਗ ਨੂੰ ਪਤਾ ਲੱਗ ਗਿਆ ਕਿ ਸੋਨਾ ਕਿੱਥੇ ਲੁਕਾਇਆ ਹੋਇਆ ਹੈ। ਫਿਲਹਾਲ ਵਿਭਾਗ ਦੇ ਅਧਿਕਾਰੀ ਮਾਮਲੇ ਦੀ ਜਾਂਚ ਵਿਚ ਲੱਗੇ ਹੋਏ ਹਨ ।
ਦੱਸਣਯੋਗ ਹੈ ਕਿ ਕੋਰੋਨਾ ਕਾਲ ਵਿਚ ਲਾਕਡਾਊਨ ਅਤੇ ਕਰਫ਼ਿਊ ਕਾਰਣ ਆਈ ਆਰਥਿਕ ਮੰਦੀ ਦੌਰਾਨ ਵੱਡੀ ਗਿਣਤੀ ਵਿਚ ਦੁਬਈ ’ਚ ਕੰਮ ਕਰਨ ਵਾਲੇ ਭਾਰਤੀ ਉੱਥੋਂ ਪਲਾਇਨ ਕਰ ਰਹੇ ਹਨ ਅਤੇ ਅਜਿਹੇ ਬੇਰੋਜ਼ਗਾਰ ਲੋਕਾਂ ਨੂੰ ਸੋਨਾ ਸਮੱਗਲਰ ਆਸਾਨੀ ਨਾਲ ਆਪਣੇ ਜਾਲ ਵਿਚ ਫਸਾ ਲੈਂਦੇ ਹਨ । ਇਸ ਤੋਂ ਪਹਿਲਾਂ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਵੰਦੇ ਮਾਤਰਮ ਫਲਾਈਟ ’ਚੋਂ ਵੀ ਵਿਭਾਗ ਨੇ ਕਰੋਡ਼ਾਂ ਰੁਪਏ ਦਾ ਸੋਨਾ ਜ਼ਬਤ ਕੀਤਾ ਸੀ ।