ਦੁਬਈ ਤੋਂ ਚੰਡੀਗੜ੍ਹ ਆਈ ਫਲਾਈਟ ''ਚੋਂ 97.40 ਲੱਖ ਦਾ ਸੋਨਾ ਬਰਾਮਦ
Tuesday, May 07, 2019 - 10:09 AM (IST)
ਲੁਧਿਆਣਾ (ਬਹਿਲ) : ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਦੁਬਈ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਹੋਈ ਫਲਾਈਟ ਨੰਬਰ-6-ਈ 1324 ਤੋਂ 3000 ਗ੍ਰਾਮ ਵਿਜ਼ਨ ਦੇ 3 ਸੋਨੇ ਦੀਆਂ ਛੜਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਸੋਨੇ ਦੀਆਂ ਛੜਾਂ ਦੀ ਬਾਜ਼ਾਰੂ ਕੀਮਤ ਕਰੀਬ 97,40,000 ਰੁਪਏ ਦੱਸੀ ਗਈ ਹੈ।
ਕਸਟਮ ਕਮਿਸ਼ਨਰ ਏ. ਐੱਸ. ਰੰਗਾ ਨੇ ਦੱਸਿਆ ਕਿ ਸਵੇਰ 11.25 ਵਜੇ ਦੁਬਈ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਪੁੱਜੀ ਫਲਾਈਟ ਦੀ ਛਾਣਬੀਨ ਦੌਰਾਨ ਇਕ ਯਾਤਰੀ ਦੀ ਸੀਟ ਨਾਲ ਦਰਾਰ 'ਚੋਂ ਕਾਲੇ ਰੰਗ ਦੀ ਟੇਪ ਵਿਚ ਲਪੇਟੀਆਂ 3 ਛੜਾਂ (1 ਕਿਲੋ ਪ੍ਰਤੀ ਛੜ) ਅਧਿਕਾਰੀਆਂ ਨੇ ਬਰਾਮਦ ਕੀਤੀਆਂ ਹਨ। ਕਿਸੇ ਵੀ ਯਾਤਰੀ ਵਲੋਂ ਇਸ ਬਰਾਮਦ ਸੋਨੇ ਸਬੰਧੀ ਕਬੂਲੇ ਨਾ ਜਾਣ 'ਤੇ ਇਸ ਨੂੰ ਅਣਐਲਾਨਿਆ ਮੰਨ ਕੇ ਕਸਟਮਜ਼ ਐਕਟ 1962 ਤਹਿਤ ਜ਼ਬਤ ਕਰ ਲਿਆ ਗਿਆ ਹੈ। ਇਸ ਸਬੰਧੀ ਵਿਭਾਗ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।