ਗਬਿੰਦ ਸਿੰਘ ਲੌਂਗੋਵਾਲ, ਪਰਮਿੰਦਰ ਢੀਂਡਸਾ ਤੇ ਹੋਰ ਆਗੂਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਅਰਦਾਸ
Saturday, Oct 10, 2026 - 05:18 PM (IST)
ਤਲਵੰਡੀ ਸਾਬੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਸਣੇ ਵੱਡੀ ਗਿਣਤੀ 'ਚ ਅੱਜ ਆਗੂਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕੀਤੀ ਗਈ। ਦਰਅਸਲ ਪਿਛਲੇ ਦਿਨੀਂ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੀਆਂ ਕੁੱਝ ਸਰਾਵਾਂ 'ਚ ਅਨੈਤਿਕ ਕਾਰਜ ਦੇ ਦੋਸ਼ਾਂ ਤਹਿਤ ਸਿੱਖ ਸੰਸਥਾਵਾਂ ਦੇ ਆਗੂਆਂ ਨੂੰ ਸੁਮੱਤ ਬਖ਼ਸ਼ੇ ਜਾਣ ਸਬੰਧੀ ਗੁਰਧਾਮਾਂ ਵਿਖੇ ਅਰਦਾਸ ਕੀਤੇ ਜਾਣ ਦੀ ਲੜੀ ਆਰੰਭੀ ਗਈ ਸੀ
। ਇਸੇ ਤਹਿਤ ਅੱਜ ਉਕਤ ਆਗੂਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੰਗਾਨਗਰ ਅਤੇ ਆਲਮਗੀਰ ਗੁਰਦੁਆਰਾ ਸਾਹਿਬਾਨ 'ਤੇ ਹਮਲੇ ਗਵਾਹ ਹਨ ਕਿ ਮੌਜੂਦਾ ਸਿੱਖ ਸੰਸਥਾਵਾਂ ਦੇ ਆਗੂ ਕਮਜ਼ੋਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਜਲਦੀ ਤੋਂ ਜਲਦੀ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਸੰਗਤ ਅਜਿਹੀ ਮਜ਼ਬੂਤ ਲੀਡਰਸ਼ਿਪ ਦੀ ਚੋਣ ਕਰ ਸਕੇ, ਜੋ ਸਿੱਖ ਸਿਧਾਂਤਾਂ ਮੁਤਾਬਕ ਸ਼੍ਰੋਮਣੀ ਕਮੇਟੀ ਨੂੰ ਚਲਾ ਸਕੇ।
