ਕੀਡ਼ੇਮਾਰ ਦਵਾਈਆਂ ਤੇ ਖਾਦਾਂ ਦੇ ਗੈਰਕਾਨੂੰਨੀ ਚੱਲਦੇ ਗੋਦਾਮ ’ਤੇ ਛਾਪੇਮਾਰੀ
Friday, Aug 17, 2018 - 02:57 AM (IST)
ਸੰਗਤ ਮੰਡੀ, (ਮਨਜੀਤ) - ਪਿੰਡ ਨਰੂਆਣਾ ਵਿਖੇ ਰਿਹਾਇਸ਼ੀ ਇਲਾਕੇ ’ਚ ਦੇਵੀ ਬਇਓਟੈਕ ਪ੍ਰਾਈਵੇਟ ਲਿਮ. ਤਾਮਿਲਨਾਡੂ ਦੇ ਗੈਰਕਾਨੂੰਨੀ ਚੱਲਦੇ ਗੋਦਾਮ ਦਾ ਖ਼ੇਤੀਬਾਡ਼ੀ ਅਧਿਕਾਰੀਆਂ ਵੱਲੋਂ ਪਰਦਾਫਾਸ਼ ਕਰ ਕੇ ਉਥੋਂ ਲੱਖਾਂ ਰੁਪਏ ਦੀਆਂ ਕੀਡ਼ੇਮਾਰ ਦਵਾਈਆਂ ਤੇ ਖਾਦਾਂ ਨੂੰ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਦੇਵੀ ਬਇਓਟੈਕ ਪ੍ਰਾਈਵੇਟ ਲਿਮ. ਤਾਮਿਲਨਾਡੂ ਦੇ ਅਧਿਕਾਰੀਆਂ ਵੱਲੋਂ ਕੀਡ਼ੇਮਾਰ ਦਵਾਈਆਂ ਦੇ ਕੁਝ ਪ੍ਰੋਡਕਟਾਂ ਦਾ ਭਾਗੂ ਰੋਡ ’ਤੇ ਗੋਦਾਮ ਬਣਾ ਕੇ ਮਨਜ਼ੂਰੀ ਲਈ ਗਈ ਸੀ ਪਰ ਕੰਪਨੀ ਦੇ ਅਧਿਕਾਰੀਆਂ ਵੱਲੋਂ ਉਥੋਂ ਗੋਦਾਮ ਨੂੰ ਬੰਦ ਕਰ ਕੇ ਪਿੰਡ ਨਰੂਆਣਾ ਵਿਖੇ ਗੈਰਕਾਨੂੰਨੀ ਤਰੀਕੇ ਨਾਲ ਧੰਦਾ ਚਲਾਇਆ ਜਾ ਰਿਹਾ ਸੀ। ਕੰਪਨੀ ਵੱਲੋਂ ਕੁਝ ਕੀਡ਼ੇਮਾਰ ਦਵਾਈਆਂ ਦਾ ਲਾਇਸੈਂਸ ਲਿਆ ਗਿਆ ਸੀ ਪਰ ਇਥੇ ਵੱਡੀ ਗਿਣਤੀ ’ਚ ਖਾਦ ਸਟੋਰ ਕੀਤੀ ਹੋਈ ਸੀ, ਜਿਸ ਦਾ ਕੰਪਨੀ ਅਧਿਕਾਰੀਆਂ ਕੋਲ ਕੋਈ ਲਾਇਸੈਂਸ ਨਹੀਂ ਸੀ।
ਖ਼ੇਤੀਬਾਡ਼ੀ ਅਧਿਕਾਰੀਆਂ ਨੂੰ ਇਸ ਦੀ ਗੁਪਤ ਸੂਚਨਾ ਮਿਲਣ ’ਤੇ ਥਾਣਾ ਸਦਰ ਦੀ ਪੁਲਸ ਦੇ ਸਹਿਯੋਗ ਨਾਲ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਖ਼ੇਤੀਬਾਡ਼ੀ ਦੇ ਡਿਪਟੀ ਡਾਇਰੈਕਟਰ ਗੁਰਦਿਆਲ ਸਿੰਘ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਬਠਿੰਡਾ ਦੇ ਖ਼ੇਤੀਬਾਡ਼ੀ ਅਧਿਕਾਰੀ ਗੁਰਦਿੱਤਾ ਸਿੰਘ ਬਰਾਡ਼ ਵੱਲੋਂ ਜਦ ਥਾਣਾ ਸਦਰ ਦੀ ਪੁਲਸ ਦੇ ਸਹਿਯੋਗ ਨਾਲ ਗੋਦਾਮ ’ਤੇ ਛਾਪੇਮਾਰੀ ਕੀਤੀ ਗਈ ਤਾਂ ਇਸ ਦਾ ਪਰਦਾਫਾਸ਼ ਹੋਇਆ। ਖੇਤੀਬਾਡ਼ੀ ਅਧਿਕਾਰੀਆਂ ਵੱਲੋਂ ਦਵਾਈ ਦੇ ਸੈਂਪਲ ਭਰਨ ਤੋਂ ਬਾਅਦ ਕੀਡ਼ੇਮਾਰ ਦਵਾਈਆਂ ਅਤੇ ਖਾਦਾਂ ਨੂੰ ਸੀਲ ਕਰ ਕੇ ਬੀਤੀ ਅੱਧੀ ਰਾਤ ਤੱਕ ਪੁਲਸ ਦੇ ਸਹਿਯੋਗ ਨਾਲ ਦਵਾਈਆਂ ਅਤੇ ਖਾਦਾਂ ਨੂੰ ਥਾਣੇ ਲਿਜਾਇਆ ਗਿਆ।
ਕੀ ਕਹਿੰਦੇ ਨੇ ਖ਼ੇਤੀਬਾਡ਼ੀ ਅਧਿਕਾਰੀ ਗੁਰਾਦਿੱਤਾ ਸਿੰਘ
ਇਸ ਸਬੰਧੀ ਜ਼ਿਲਾ ਬਠਿੰਡਾ ਦੇ ਖ਼ੇਤੀਬਾਡ਼ੀ ਅਧਿਕਾਰੀ ਗੁਰਾਦਿੱਤਾ ਸਿੰਘ ਨੇ ਦੱਸਿਆ ਕਿ ਉਕਤ ਫਰਮ ਕੋਲ ਕੁਝ ਕੀਡ਼ੇਮਾਰ ਦਵਾਈਆਂ ਦਾ ਭਾਗੂ ਰੋਡ ’ਤੇ ਗੋਦਾਮ ਬਣਾ ਕੇ ਲਾਇਸੈਂਸ ਲਿਆ ਗਿਆ ਸੀ ਪਰ ਕੰਪਨੀ ਵੱਲੋਂ ਕੀਡ਼ੇਮਾਰ ਦਵਾਈਆਂ ਦੇ ਨਾਲ-ਨਾਲ ਖਾਦਾਂ ਦਾ ਵੀ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਸੀ, ਜਿਸ ਨਾਲ ਟੈਕਸ ਦੇ ਰੂਪ ’ਚ ਸਰਕਾਰ ਨੂੰ ਲੱਖਾਂ ਦਾ ਚੂਨਾ ਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਅਾਧਾਰ ’ਤੇ ਕੰਪਨੀ ਵਿਰੁੱਧ ਕਾਰਵਾਈ ਕੀਤੀ ਗਈ।
ਖ਼ੇਤੀਬਾਡ਼ੀ ਅਧਿਕਾਰੀਆਂ ਵੱਲੋਂ ਕਿਹਡ਼ੇ-ਕਿਹਡ਼ੇ ਪ੍ਰੋਡਕਟ ਜ਼ਬਤ ਕੀਤੇ ਗਏ
ਖ਼ੇਤੀਬਾਡ਼ੀ ਅਧਿਕਾਰੀਆਂ ਵੱਲੋਂ ਗੋਦਾਮ ’ਚੋਂ ਬੂਮ ਬੈਮ, ਬੂਮ ਬਾਸ, ਬੂਮ ਟੈਟ, ਬੂਮ ਕੇ, ਬੂਮ ਗੋਲਡ, ਬੂਮ ਫੋਸ, ਬੂਮ ਅਜੇ, ਬੂਮ ਫਲਾਵਰ, ਬੂਮ ਇਮੋਨੋ, ਬੂਮ ਵਿਰਾਟ, ਬੂਮ ਦੇਵੀ ਫਲੋਰਾ ਅਤੇ ਬੂਮ ਡਰੀਮਾ ਆਦਿ ਪ੍ਰੋਡਕਟ ਜ਼ਬਤ ਕੀਤੇ ਗਏ। ਥਾਣਾ ਸਦਰ ਦੇ ਮੁਖੀ ਪਰਮਜੀਤ ਸਿੰਘ ਡੋਡ ਵੱਲੋਂ ਬਲਾਕ ਬਠਿੰਡਾ ਦੇ ਖ਼ੇਤੀਬਾਡ਼ੀ ਵਿਕਾਸ ਅਫ਼ਸਰ ਜਸਕਰਨ ਸਿੰਘ ਕੁਲਾਰ ਦੇ ਬਿਆਨਾਂ ’ਤੇ ਐੱਨ. ਚੰਦਰਨ ਪੁੱਤਰ ਕੇ. ਟੀ. ਐੱਮ. ਰਤਨਾਸਵਾਮੀ ਕਰਮਚਾਰੀ, ਵੀ. ਸ਼੍ਰੀਨਿਵਾਸਨ ਪੁੱਤਰ ਵੈਂਕਟਾਸਵਾਮੀ, ਰਾਧਾਸਵਾਮੀ ਪੁੱਤਰ ਮੁਥੂਸਵਾਮੀ ਅਤੇ ਰੰਜਨ ਸ਼ਰਮਾ ਪੁੱਤਰ ਐੱਨ. ਸੀ. ਸ਼ਰਮਾ ਮੈਸਜ਼ ਦੇਵੀ ਬਾਇਓਟੈਕ ਪ੍ਰਾਈਵੇਟ ਲਿਮ. ਬਠਿੰਡਾ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਸ ਵੱਲੋਂ ਕਿਸੇ ਵੀ ਵਿਅਕਤੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ।
ਜ਼ਬਤ ਕੀਤੀਆਂ ਕੀਡ਼ੇਮਾਰ ਦਵਾਈਆਂ ਤੇ ਖਾਦਾਂ ਦੀ ਕੀਮਤ ਲੱਖਾਂ ’ਚ
ਗੋਦਾਮ ’ਚੋਂ ਜ਼ਬਤ ਕੀਤੀਆਂ ਕੀਡ਼ੇਮਾਰ ਦਵਾਈਆਂ ਅਤੇ ਖਾਦਾਂ ਦੀ ਕੀਮਤ ਲੱਖਾਂ ਰੁਪਏ ’ਚ ਦੱਸੀ ਜਾ ਰਹੀ ਹੈ। ਕੰਪਨੀ ਵੱਲੋਂ ਜਿਸ ਘਰ ’ਚ ਗੋਦਾਮ ਬਣਾ ਕੇ ਇਹ ਧੰਦਾ ਕੀਤਾ ਜਾ ਰਿਹਾ ਸੀ, ਉਹ ਬਹੁਤ ਵੱਡਾ ਘਰ ਸੀ ਤੇ ਘਰ ਦਾ ਅਜਿਹਾ ਕੋਈ ਕਮਰਾ ਨਹੀਂ ਸੀ, ਜਿਥੇ ਦਵਾਈਆਂ ਅਤੇ ਖਾਦਾਂ ਨੂੰ ਸਟੋਰ ਨਾ ਕੀਤਾ ਗਿਆ ਹੋਵੇ। ਕੰਪਨੀ ਵੱਲੋਂ ਇਹ ਧੰਦਾ ਪਿਛਲੇ ਕਈ ਮਹੀਨਿਆਂ ਤੋਂ ਧਡ਼ੱਲੇ ਨਾਲ ਚਲਾਇਆ ਜਾ ਰਿਹਾ ਸੀ।