ਸਿੰਘ ਸਾਹਿਬਾਨ ਨੂੰ ਫ਼ਾਰਗ ਕਰਨ ਦੇ ਫ਼ੈਸਲੇ ''ਤੇ ਭਾਈ ਲੌਂਗੋਵਾਲ ਨੇ ਜਤਾਇਆ ਵਿਰੋਧ
Sunday, Mar 09, 2025 - 02:20 PM (IST)

ਲੌਂਗੋਵਾਲ (ਵਸ਼ਿਸਟ, ਵਿਜੇ) : ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰਾਂ ਦੀਆਂ ਸੇਵਾਵਾਂ ਖ਼ਤਮ ਕਰਨ ਤੋਂ ਬਾਅਦ ਪੈਦਾ ਹੋਏ ਹਾਲਾਤ ਨੇ ਐੱਸ. ਜੀ. ਪੀ. ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਹੀ ਸੀਨੀਅਰ ਆਗੂਆਂ ਨੇ ਕਟਿਹਰੇ 'ਚ ਖੜ੍ਹਾ ਕਰ ਦਿੱਤਾ ਹੈ। ਇਸ ਫ਼ੈਸਲੇ ਦੇ ਖ਼ਿਲਾਫ਼ ਚੱਲ ਰਹੀਆ ਚਰਚਾਵਾਂ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਆਪਣਾ ਪ੍ਰਤੀਕਰਮ ਦਿੰਦਿਆਂ ਇਸ ਫ਼ੈਸਲੇ ਨੂੰ ਗਲਤ ਕਰਾਰ ਦਿੱਤਾ ਹੈ।
ਭਾਈ ਲੌਂਗੋਵਾਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਵੇਂ ਹੀ ਹਮੇਸ਼ਾ ਪੰਥਕ ਪਰੰਪਰਾਵਾਂ ਅਤੇ ਸਿਧਾਂਤਾਂ ਦੇ ਰਖਵਾਲੇ ਰਹੇ ਹਨ ਪਰ ਮੌਜੂਦਾ ਸਮੇਂ ਦੋਹਾਂ ਸਿੱਖ ਸੰਸਥਾਵਾਂ ਵਲੋਂ ਕੀਤੀਆ ਜਾ ਰਹੀਆਂ ਕਾਰਵਾਈਆਂ ਤੋਂ ਪੰਥ ਪੂਰੀ ਤਰ੍ਹਾਂ ਮਾਯੂਸ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ਕੇਟਿਵ ਕਮੇਟੀ ਵਲੋਂ ਜੱਥੇਦਾਰ ਸਹਿਬਾਨ ਬਾਰੇ ਲਏ ਗਏ ਫ਼ੈਸਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ।
ਭਾਈ ਲੌਂਗੋਵਾਲ ਨੇ ਅੱਗੇ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਅ ਚੁੱਕਾ ਹਾਂ। ਇਸ ਲਈ ਇਸ ਘਟਨਾਕ੍ਰਮ ਦਾ ਮੇਰੇ ਮਨ 'ਤੇ ਡੂੰਘਾ ਅਸਰ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਂ ਪੰਥ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਆਪਣਾ ਰਿਣ ਮਾਤਰ ਯੋਗਦਾਨ ਦੇਣ ਲਈ ਵਚਨਬੱਧ ਹਾਂ ਅਤੇ ਰਹਾਂਗਾ ਪਰ ਮੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ ਸਿੰਘ ਸਾਹਿਬਾਨ ਬਾਰੇ ਲਏ ਗਏ ਫ਼ੈਸਲੇ ਨਾਲ ਸਹਿਮਤ ਨਹੀਂ ਹਾਂ।